ਬਾਲ ਮੌਤ ਦਰ ਘਟਾਉਣ ਲਈ ਬੱਚਿਆਂ ਵਿਚ ਖ਼ਤਰੇ ਦੇ ਚਿੰਨ੍ਹਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ : ਡਾ. ਜਸਪ੍ਰੀਤ ਕੌਰ

ਨਵਾਂਸ਼ਹਿਰ, 17 ਜਨਵਰੀ 2025 ( ਹਰਪਾਲ ਲਾਡਾ ) : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਨਵਜੰਮੇ ਬੱਚਿਆਂ ਅਤੇ ਬਾਲ ਅਵਸਥਾ ਦੀਆਂ ਬਿਮਾਰੀਆਂ ਦੇ ਏਕੀਕ੍ਰਿਤ ਪ੍ਰਬੰਧਨ (ਆਈ.ਐੱਮ.ਐੱਨ.ਸੀ.ਆਈ.) ਦੀ ਪੰਜ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸਮਾਪਤ ਹੋ ਗਈ ਹੈ। ਇਸ ਟ੍ਰੇਨਿੰਗ ਵਿਚ ਵੱਖ-ਵੱਖ ਸਿਹਤ ਬਲਾਕਾਂ ਤੋਂ ਸੀ.ਐੱਚ.ਓਜ ਤੇ ਏ.ਐੱਨ.ਐੱਮਜ਼ ਨੇ ਭਾਗ ਲਿਆ। ਇਸ ਮੌਕੇ ਸਾਰੇ ਪ੍ਰਤੀਭਾਗੀਆਂ ਨੂੰ ਸਫਲਤਾਪੂਰਵਕ ਟ੍ਰੇਨਿੰਗ ਮੁਕੰਮਲ ਕਰਨ ‘ਤੇ ਭਾਗੀਦਾਰੀ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਤੋਂ ਆਈਆਂ ਸੀ.ਐੱਚ.ਓਜ ਤੇ ਏ.ਐੱਨ.ਐੱਮਜ਼ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਨਵਜੰਮੇ ਬੱਚਿਆਂ ਅਤੇ ਬਾਲ ਅਵਸਥਾ ਦੀਆਂ ਬਿਮਾਰੀਆਂ ਦੇ ਏਕੀਕ੍ਰਿਤ ਪ੍ਰਬੰਧਨ (ਆਈ.ਐੱਮ.ਐੱਨ.ਸੀ.ਆਈ.) ਟ੍ਰੇਨਿੰਗ ਦਾ ਮੁੱਖ ਉਦੇਸ਼ ਸਿਹਤ ਸੰਭਾਲ ਕਾਮਿਆਂ ਨੂੰ ਸਿੱਖਿਅਤ ਕਰਕੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ, ਬਿਮਾਰੀਆਂ ਅਤੇ ਦਿਵਿਆਂਗਤਾ ਨੂੰ ਘੱਟ ਕਰਨਾ ਹੈ, ਇਸ ਲਈ ਸਿਹਤ ਸੰਭਾਲ ਵਰਕਰਾਂ ਨੂੰ ਸਾਰੇ ਬਿਮਾਰ ਬੱਚਿਆਂ ਵਿਚ ਖਤਰੇ ਦੇ ਚਿੰਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ।


ਸਿਵਲ ਸਰਜਨ ਡਾ ਜਸਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਹਰ ਸਾਲ ਕਰੀਬ ਇਕ ਕਰੋੜ ਬੱਚਿਆਂ ਦੀ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ਵਿਚ ਜ਼ਿਆਦਾਤਰ 1 ਸਾਲ ਦੇ ਬੱਚੇ ਸ਼ਾਮਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ 70 ਫੀਸਦੀ ਤੋਂ ਵੱਧ ਬੱਚਿਆਂ ਦੀ ਮੌਤ ਦਾ ਕਾਰਨ ਨਿਮੋਨੀਆ, ਡਾਈਰੀਆ, ਮੀਜ਼ਲ ਅਤੇ ਕੁਪੋਸ਼ਣ ਹੁੰਦਾ ਹੈ। ਇਸ ਲਈ ਸਿਹਤ ਸੰਸਥਾਵਾਂ ਵਿਚ ਦੋ ਮਹੀਨੇ ਤੋਂ ਪੰਜ ਸਾਲ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਅਜਿਹੇ ਬੱਚਿਆਂ ਦਾ ਇਲਾਜ ਛੇਤੀ ਤੋਂ ਛੇਤੀ ਸ਼ੁਰੂ ਕਰਨਾ ਚਾਹੀਦਾ ਹੈ ਪਰ ਆਮ ਦੇਖਣ ਵਿਚ ਆਇਆ ਹੈ ਕਿ ਲੋਕ ਆਪਣੇ ਬੱਚਿਆਂ ਦੇ ਇਲਾਜ ਵਿਚ ਦੇਰੀ ਕਰ ਦਿੰਦੇ ਹਨ, ਜਿਸ ਦਾ ਭਿਆਨਕ ਨਤੀਜਾ ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਘਰਾਂ ਵਿਚ ਇਲਾਜ, ਦੇਰੀ ਨਾਲ ਇਲਾਜ, ਸਿਹਤ ਸੰਸਥਾ ਦੀ ਚੋਣ ਵਿਚ ਦੇਰੀ ਅਤੇ ਗੈਰ-ਸਿੱਖਿਅਤ ਵਿਅਕਤੀਆਂ ਤੋਂ ਇਲਾਜ ਕਰਵਾਉਣ ਨਾਲ ਵੀ ਬੱਚਿਆਂ ਦੀਆਂ ਬਿਮਾਰੀਆਂ ਦੀਆਂ ਗੁੰਝਲਤਾਵਾਂ ਵਧਦੀਆਂ ਹਨ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਬੱਚਿਆਂ ਵਿਚ ਖਤਰੇ ਦੇ ਚਿੰਨ੍ਹ ਖੰਘ, ਸਾਹ ਲੈਣ ਵਿਚ ਦਿੱਕਤ, ਡਾਈਰੀਆ, ਬੁਖਾਰ ਅਤੇ ਕੰਨ੍ਹਾਂ ਦੀਆਂ ਸਮੱਸਿਆਵਾਂ ਦੀ ਰੂਟੀਨ ਵਿਚ ਜਾਂਚ ਕਰਨੀ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੌਸ਼ਣ, ਮਾਂ ਦਾ ਦੁੱਧ ਪੀਣ ਵਿਚ ਸਮੱਸਿਆ, ਸੰਪੂਰਨ ਟੀਕਾਕਰਨ ਦੇ ਸਟੇਟਸ ਅਤੇ ਹੋਰ ਸੰਭਾਵਿਤ ਕਾਰਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦਾ ਉਦੇਸ਼ ਬਾਲ ਮੌਤ ਦਰ ਲਈ ਆਮ ਕਾਰਨਾਂ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਬੱਚਿਆਂ ਦਾ ਇਲਾਜ ਕਰਨਾ ਹੈ।
ਇਸ ਮੌਕੇ ਬਾਲ ਰੋਗਾਂ ਦੇ ਮਾਹਰ ਡਾ. ਸੁਕੰਦਾ ਰਾਣਾ ਨੇ ਕਿਹਾ ਇਸ ਟ੍ਰੇਨਿੰਗ ਵਿੱਚ ਸੀ.ਐੱਚ.ਓਜ ਤੇ ਏ.ਐੱਨ.ਐੱਮਜ਼ ਨੂੰ ਨਵਜਨਮੇ ਬੱਚਿਆਂ ਦੀ ਸਾਂਭ-ਸੰਭਾਲ ਕਰਨ, ਬੱਚਿਆਂ ਦੀਆਂ ਬਿਮਾਰੀਆਂ, ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਉਨ੍ਹਾਂ ਸਿਹਤ ਸੰਭਾਲ ਵਰਕਰਾਂ ਲਈ ਬਹੁਤ ਮਹੱਤਵਪੂਰਨ ਹੈ, ਜੋ ਬੱਚਿਆਂ ਦੇ ਸੰਪਰਕ ਵਿਚ ਰਹਿੰਦੇ ਹਨ। ਇਸ ਟ੍ਰੇਨਿੰਗ ਨਾਲ ਜ਼ਿਲ੍ਹੇ ਵਿੱਚ ਅੰਦਰ ਬੱਚਿਆਂ ਦੀ ਮੌਤ ਦਰ ਨੂੰ ਕਾਫੀ ਘੱਟ ਕੀਤਾ ਜਾ ਸਕੇਗਾ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਦਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਤਰਸੇਮ ਲਾਲ, ਬਲਾਕ ਐਕਸਟੈਨਸ਼ਨ ਐਜੂਕੇਟਰ ਹਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।