ਪੰਜਾਬ

ਜਦੋਂ ਪ੍ਰਸ਼ਾਸਨ ਨੇ ਅੱਤ ਦੀ ਠੰਢ ਵਿਚ ਜ਼ਿਲ੍ਹਾ ਵਾਸੀਆਂ ਨੂੰ ਕਰਾਇਆ ਨਿੱਘ ਦਾ ਅਹਿਸਾਸ

ਨਵਾਂਸ਼ਹਿਰ, 17 ਜਨਵਰੀ ( ਹਰਪਾਲ ਲਾਡਾ ): ਇਸ ਸਾਲ ਹੱਡ ਚੀਰਵੀਂ ਠੰਢ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਇਕ ਪ੍ਰੇਰਨਾਦਾਇਕ ਪਹਿਲਕਦਮੀ ਵਿਚ, ਜ਼ਿਲ੍ਹਾ ਪ੍ਰਸ਼ਾਸਨ, ਸ਼ਹੀਦ ਭਗਤ ਸਿੰਘ ਨਗਰ ਨੇ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਠੰਢ ਦੇ ਪ੍ਰਭਾਵ ਨੂੰ ਘਟਾਉਣ ਲਈ ਇਕ ਅਗਾਂਹਵਧੂ ਕਦਮ ਚੁੱਕਿਆ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ, ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਬ੍ਰਾਂਡੇਡ ਤੇ ਚੰਗੀ ਗੁਣਵੱਤਾ ਵਾਲੀਆਂ ਗਰਮ ਜੈਕਟਾਂ ਅਤੇ ਮਜ਼ਬੂਤ ​​ਸਪੋਰਟਸ ਜੁੱਤੇ ਖ਼ਰੀਦੇ।

ਯੋਜਨਾ ਦੇ ਹਿੱਸੇ ਵਜੋਂ, 250 ਅਜਿਹੀਆਂ ਜੈਕਟਾਂ ਅਤੇ ਜੁੱਤੀਆਂ ਦੇ ਜੋੜੇ ਖਰੀਦੇ ਗਏ, ਜੋ ਜ਼ਿਲ੍ਹੇ ਵਿਚ ਲੋੜਵੰਦ ਵਿਅਕਤੀਆਂ ਕੋਲ ਜਾ ਕੇ ਉਨ੍ਹਾਂ ਨੂੰ ਪ੍ਰਦਾਨ ਕੀਤੇ ਗਏ। ਡਿਪਟੀ ਕਮਿਸ਼ਨਰ ਦੀ ਸੋਚ ਅਨੁਸਾਰ, ਜੇਕਰ ਕੋਈ ਵਿਅਕਤੀ ਸਹੀ ਜੈਕੇਟ ਅਤੇ ਸਹੀ ਜੁੱਤੀਆਂ ਤੋਂ ਬਿਨਾਂ ਹੈ, ਤਾਂ ਉਹ ਵਿਅਕਤੀ ਅੱਤ ਦੀ ਇਸ ਠੰਢ ਤੋਂ ਬਚਣ ਲਈ ਮੁੱਢਲੀ ਜ਼ਰੂਰਤ ਨੂੰ ਪੂਰਾ ਕਰਨ ਲਈ ਸੱਚਮੁੱਚ ਗ਼ਰੀਬ ਹੈ। ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਬੰਧਤ ਸਬ-ਡਵੀਜ਼ਨਾਂ ਵਿਚ ਘੁੰਮ ਕੇ ਮਦਦ ਦੇਣ ਲਈ 250 ਤੋਂ ਵੱਧ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ।

ਇਸ ਪ੍ਰੋਜੈਕਟ ਦੀ ਸਫਲਤਾ ਲਈ ਨਿੱਜੀ ਤੌਰ ‘ਤੇ ਜੁੜੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕ੍ਰਾਸ ਸੋਸਾਇਟੀ ਰਾਜੇਸ਼ ਧੀਮਾਨ ਅਤੇ ਸਬ-ਡਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ-ਕਮ-ਆਨਰੇਰੀ ਸਕੱਤਰ ਜ਼ਿਲ੍ਹਾ ਰੈਡ ਕ੍ਰਾਸ ਸੋਸਾਇਟੀ ਡਾ. ਅਕਸ਼ਿਤਾ ਗੁਪਤਾ ਨੇ ਇਨ੍ਹਾਂ ਗਤੀਵਿਧੀਆਂ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।


ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ, “ਜਨਵਰੀ ਮਹੀਨੇ ਦੇ ਪਹਿਲੇ ਅੱਧ ਦਾ ਇਹ ਸਮਾਂ ਲੋੜਵੰਦ ਲੋਕਾਂ ਨੂੰ ਗਰਮ ਜੈਕਟਾਂ ਅਤੇ ਜੁੱਤੇ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਸਮਾਂ ਸੀ ਅਤੇ ਅਸੀਂ ਅਜਿਹੇ ਲੋਕਾਂ ਦੀ ਪਛਾਣ ਕਰਨ ਲਈ ਅੱਗੇ ਵਧ ਰਹੇ ਸੀ। ਇਨ੍ਹਾਂ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਉਨ੍ਹਾਂ ਦੀ ਸਥਿਤੀ ਅਤੇ ਉਨ੍ਹਾਂ ਦੀ ਖੁਸ਼ੀ ਬਾਰੇ ਬਹੁਤ ਕੁਝ ਬਿਆਨ ਕਰ ਰਹੀ ਸੀ। ਨਿੱਘ ਦੇ ਅਹਿਸਾਸ ਨਾਲ ਉਹਨਾਂ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਸੀ। ਮੈਂ ਡੀ.ਸੀ ਸਾਹਿਬ ਅਤੇ ਰੈੱਡ ਕਰਾਸ ਸੋਸਾਇਟੀ ਦਾ ਅਜਿਹੀ ਪਹਿਲਕਦਮੀ ਲਈ ਧੰਨਵਾਦ ਕਰਦੀ ਹਾਂ।”

ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ, “ਮਾਨਵਤਾਵਾਦੀ ਯਤਨ ਸਾਡੀ ਸੇਵਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ, ਅਸੀਂ ਅਜਿਹੇ ਲੋੜਵੰਦ ਲੋਕਾਂ ਲਈ ਬਹੁਤ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਇੰਨੀ ਦਿਲਚਸਪ ਹੈ ਕਿ ਇਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਨਵੀਆਂ ਪਹਿਲਕਦਮੀਆਂ ਨਾਲ ਸਾਰਿਆਂ ਤੱਕ ਪਹੁੰਚਣ ਦੀ ਉਮੀਦ ਕਰਦੇ ਹਾਂ।”

ਇਸੇ ਤਰ੍ਹਾਂ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੂਰਾ ਹਫ਼ਤਾ ਚਾਹ ਦੇ ਲੰਗਰ ਲਗਾ ਕੇ ਠੰਢ ਵਿਚ ਨਿੱਘ ਪ੍ਰਦਾਨ ਕਰਨ ਲਈ ਇਕ ਨਵੀਂ ਪਹਿਲ ਕੀਤੀ। ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ, ਜ਼ਿਲ੍ਹਾ ਪ੍ਰਸ਼ਾਸਨ ਠੰਡ ਵਿਚ ਰਾਹਗੀਰਾਂ ਅਤੇ ਡੀ.ਸੀ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਗਰਮ ਅਦਰਕ ਵਾਲੀ ਚਾਹ ਅਤੇ ਬਿਸਕੁਟ ਦੇਣ ਲਈ ਅੱਗੇ ਆਇਆ। ਠੰਢ ਦੇ ਪੂਰੇ ਹਫ਼ਤੇ ਦੌਰਾਨ ਰੋਜ਼ਾਨਾ ਲੱਗਭਗ 1000 ਕੱਪ ਚਾਹ ਪਿਲਾਈ ਗਈ।

ਇਸ ਪਹਿਲਕਦਮੀ ਨੂੰ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ। ਖੁਸ਼ ਤੇ ਸੰਤੁਸ਼ਟ ਚਿਹਰਿਆਂ ਅਤੇ ਜ਼ਿਲ੍ਹਾ ਵਾਸੀਆਂ ਨੇ ਪ੍ਰਸ਼ਾਸਨ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ।

ਡੀ. ਸੀ ਰਾਜੇਸ਼ ਧੀਮਾਨ ਨੇ ਕਿਹਾ, ‘ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਪ੍ਰਦਾਨ ਕਰਨ ਦਾ ਪ੍ਰਸ਼ਾਸਨ ਦਾ ਇਹ ਇਕ ਛੋਟਾ ਜਿਹਾ ਉਪਰਾਲਾ ਸੀ। ਖੁਸ਼ਹਾਲ ਸ਼ੁਰੂਆਤ ਸਕਾਰਾਤਮਕਤਾ ਵੱਲ ਲੈ ਜਾਂਦੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਵਿਚ ਕੁਝ ਨਿੱਘ ਪਾਉਣ ਦੀ ਉਮੀਦ ਵਧਾਉਂਦੀ ਹੈ। ਸਵੇਰ ਦੀ ਚਾਹ ਦਾ ਕੱਪ ਬਹੁਤਿਆਂ ਲਈ ਜਾਦੂ ਕਰ ਸਕਦਾ ਹੈ।”

ਡਾ. ਅਕਸ਼ਿਤਾ ਗੁਪਤਾ ਨੇ ਵੀ ਕਿਹਾ, “ਮੈਂ ਰਾਹਗੀਰਾਂ ਨੂੰ ਚਾਹ ਅਤੇ ਬਿਸਕੁਟ ਵੰਡਣ ਲਈ ਮੌਕੇ ‘ਤੇ ਸੀ। ਮੈਂ ਇੱਕ ਮਿੰਟ ਦੇ ਅੰਦਰ-ਅੰਦਰ ਕੱਪਾਂ ਦੀ ਪੂਰੀ ਟ੍ਰੇਅ ਖਾਲੀ ਹੁੰਦੀ ਦੇਖੀ। ਲੋਕ ਅਦਰਕ ਵਾਲੀ ਗਰਮ ਚਾਹ ਦਾ ਆਨੰਦ ਲੈ ਰਹੇ ਸਨ। ਉਮੀਦਾਂ ਵਾਲੇ ਖੁਸ਼ ਚਿਹਰਿਆਂ ਨੂੰ ਤਾਜ਼ੀ ਉਬਲੀ ਹੋਈ ਚਾਹ ਪਰੋਸੀ ਜਾ ਰਹੀ ਸੀ। ਸਾਰਿਆਂ ਲਈ ਇੰਨੀ ਵੱਡੀ ਸੰਤੁਸ਼ਟੀਜਨਕ ਪਹਿਲ ਕਰਨ ਲਈ ਡੀ,.ਸੀ ਸਾਹਿਬ ਦਾ ਧੰਨਵਾਦ।”

ਮਨੁੱਖਤਾ ਪ੍ਰਤੀ ਆਪਣੇਪਨ ਅਤੇ ਹਮਦਰਦੀ ਵਾਲੇ ਇਸ ਸੋਚ-ਸਮਝ ਕੇ ਕੀਤੇ ਉਪਰਾਲੇ ਨੇ ਨਾ ਸਿਰਫ਼ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਸਗੋਂ ਸਰਗਰਮ ਪ੍ਰਸ਼ਾਸਨ ਅਤੇ ਭਾਈਚਾਰਕ ਦੇਖਭਾਲ ਦੀ ਇਕ ਸ਼ਾਨਦਾਰ ਉਦਾਹਰਣ ਵੀ ਸਥਾਪਤ ਕੀਤੀ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page