ਸਿਹਤ ਵਿਭਾਗ ਵੱਲੋਂ “ਵਿਸ਼ਵ ਡਾਇਬਟੀਜ਼ ਡੇਅ” ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਹੁਸ਼ਿਆਰਪੁਰ 14 ਨਵੰਬਰ 2024 : ਅੱਜ “ਵਿਸ਼ਵ ਡਾਇਬੀਟੀਜ ਡੇਅ” ਮੌਕੇ ਵੱਧ ਰਹੀ ਸ਼ੂਗਰ (ਮਧੂਮੇਹ) ਦੀ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵਲੋਂ ਡਾਇਬੀਟੀਜ਼ ਸੰਬੰਧੀ ਜਾਗਰੂਕਤਾ ਸਮੱਗਰੀ ਜਾਰੀ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਜਿਲਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਆਸ਼ਾ ਰਾਣੀ ਅਤੇ ਭੁਪਿੰਦਰ ਸਿੰਘ ਵੀ ਮੌਜੂਦ ਸਨ।
ਉਪਰੰਤ ਮੀਡੀਆ ਵਿੰਗ ਵੱਲੋਂ ਸਰਕਾਰੀ ਨਰਸਿੰਗ ਕਾਲਜ ਹੁਸ਼ਿਆਰਪੁਰ ਵਿਖੇ ਇਸ ਸਾਲ ਦੇ ਥੀਮ “ਰੁਕਾਵਟਾਂ ਨੂੰ ਤੋੜਨਾ ਅਤੇ ਪਾੜੇ ਨੂੰ ਪੂਰਾ ਕਰਨਾ” ਦੇ ਤਹਿਤ ਵਿਸ਼ਵ ਮਧੂਮੇਹ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਰਮਨਦੀਪ ਕੌਰ, ਸਰਕਾਰੀ ਨਰਸਿੰਗ ਕਾਲਿਜ ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਉਪਸਥਿਤ ਸਨ।
ਸ਼ੂਗਰ ਹੋਣ ਦੇ ਕਾਰਣਾਂ, ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਡਾ. ਸੀਮਾ ਗਰਗ ਨੇ ਦੱਸਿਆ ਕਿ ਸਾਡੀ ਵਰਤਮਾਨ ਜੀਵਨਸ਼ੈਲੀ ਵਿੱਚ ਵਿਆਪਕ ਬਦਲਾਅ ਆਇਆ ਹੈ। ਜਿਸ ਕਾਰਣ ਸ਼ਰੀਰਕ ਗਤੀਵਿਧੀਆਂ ਵਿੱਚ ਕਮੀ ਦੇ ਚਲਦਿਆਂ ਬੀਮਾਰੀਆਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਹੀ ਇੱਕ ਗੰਭੀਰ ਸਮੱਸਿਆ ਹੈ ਡਾਇਬਟੀਜ (ਸ਼ੂਗਰ)। ਉਨ੍ਹਾਂ ਕਿਹਾ ਕਿ ਰਵਾਇਤੀ ਭੋਜਨ ਤੋਂ ਦੂਰ ਹੋਣਾ, ਸ਼ਰੀਰਕ ਗਤੀਵਿਧੀਆਂ ਦੀ ਕਮੀ ਇਸ ਬੀਮਾਰੀ ਦੇ ਵੱਧਣ ਦੇ ਮੁੱਖ ਕਾਰਨ ਹਨ। ਜੇਕਰ ਸ਼ੂਗਰ ਦੀ ਬੀਮਾਰੀ ਤੇ ਕਾਬੂ ਨਾ ਪਾਇਆ ਜਾਵੇ ਤਾਂ ਮਨੁੱਖ ਅਧਰੰਗ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ, ਗੁਰਦਿਆਂ ਦੇ ਰੋਗ, ਚਿੱਟਾ ਮੋਤੀਆ ਤੇ ਹੱਥਾਂ ਅਤੇ ਪੈਰਾਂ ਵਿੱਚ ਸੁੰਨੇਪਨ ਦਾ ਸ਼ਿਕਾਰ ਹੋ ਸਕਦਾ ਹੈ। ਗਰਭਵਤੀ ਔਰਤਾਂ ਨੂੰ ਵੀ ਗਰਭ ਸਮੇਂ ਆਪਣੀ ਸ਼ੂਗਰ ਨਿਯਮਿਤ ਰੂਪ ਵਿਚ ਚੈੱਕ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ 30 ਸਾਲ ਦੀ ਉਮਰ ਤੋਂ ਉੱਪਰ ਵਾਲੇ ਬਾਲਗਾਂ ਨੂੰ ਸ਼ੂਗਰ ਦੀ ਨਿਯਮਿਤ ਜਾਂਚ ਜਰੂਰ ਕਰਵਾ ਲੈਣੀ ਚਾਹੀਦੀ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਡਾ.ਤ੍ਰਿਪਤਾ ਦੇਵੀ ਨੇ ਕਿਹਾ ਕਿ ਸ਼ੂਗਰ ਇੱਕ ਅਜਿਹੀ ਬੀਮਾਰੀ ਹੈ ਜੋ ਕਿ ਮਨੁੱਖੀ ਸਰੀਰ ਨੂੰ ਅੰਦਰੋ ਅੰਦਰ ਹੀ ਖੋਖਲਾ ਕਰ ਦਿੰਦੀ ਹੈ। ਇਸ ਲਈ ਸ਼ੂਗਰ ਤੋਂ ਬਚਾਅ ਲਈ ਪਰਹੇਜ ਬਹੁਤ ਲਾਜ਼ਮੀ ਹੈ। ਜੇਕਰ ਸਰੀਰ ਵਿੱਚ ਸੂਗਰ ਦੀ ਮਾਤਰਾ ਬਹੁਤ ਹੋ ਜਾਵੇ ਤਾਂ ਉਸ ਮਰੀਜ ਨੂੰ ਲਗਾਤਾਰ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਦਵਾਈ ਦੇ ਨਾਲ ਹੀ ਉਪਰੋਕਤ ਦੱਸੇ ਗਏ ਪਰਹੇਜ ਵੀ ਕਰਨੇ ਚਾਹੀਦੇ ਹਨ। ਇਸ ਤੋਂ ਬਚਾਅ ਲਈ ਰੋਜ਼ਾਨਾ ਘੱਟੋ ਘੱਟ 30 ਤੋਂ 45 ਮਿੰਟ ਦੀ ਸੈਰ ਕਰਨੀ ਚਾਹੀਦੀ ਹੈ, ਭਾਰ ਨੂੰ ਵੱਧਣ ਨਹੀਂ ਦੇਣਾ ਚਾਹੀਦਾ, ਤਲਿਆ ਹੋਇਆ ਤੇ ਫਾਸਟ ਫੂਡ, ਕੋਲਡ ਡਰਿੰਕਸ, ਮਿੱਠੇ ਪਦਾਰਥਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਸ਼ੂਗਰ ਤੋਂ ਬਚਾਅ ਬਾਰੇ ਦੱਸਿਆ ਕਿ ਬੇਕਰੀ ਪਦਾਰਥਾਂ ਦੀ ਬਜਾਏ ਫਲਾਂ ਅਤੇ ਹਰੀ ਪੱਤੇਦਾਰ ਸਬਜੀਆਂ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਦੇ ਭੋਜਨ ਵਿੱਚ ਨਾਸ਼ਤਾ ਜਰੂਰ ਕਰਨਾ ਚਾਹੀਦਾ ਹੈ ਅਤੇ ਲੋੜ ਅਨੁਸਾਰ ਤਿੰਨ ਸਮੇਂ ਦਾ ਭੋਜਨ ਨਿਯਮਿਤ ਰੂਪ ਵਿੱਚ ਲੈਣਾ ਚਾਹੀਦਾ ਹੈ। ਸਰੀਰਕ ਸਮਰਥਾ ਮੁਤਾਬਕ ਸਾਨੂੰ ਸਰੀਰਕ ਕਿਰਆਸ਼ੀਲਤਾ ਨੂੰ ਵਧਾਉਣਾ ਚਾਹੀਦਾ ਹੈ।
ਮੈਡਮ ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸ਼ੂਗਰ ਦੋ ਤਰਾਂ ਦੀ ਹੁੰਦੀ ਹੈ। ਬੱਚਿਆਂ ਵਿਚ ਹੋਣ ਵਾਲੀ ਸ਼ੂਗਰ ਅਲੱਗ ਹੁੰਦੀ ਆ। ਵਾਰ-ਵਾਰ ਪਿਆਸ ਦਾ ਲੱਗਣਾ, ਛੇਤੀ ਹੋਣ ਵਾਲੀ ਥਕਾਨ, ਵਾਰ-ਵਾਰ ਪਿਸ਼ਾਬ ਆਉਣਾ, ਛੇਤੀ ਠੀਕ ਨਾ ਹੋਣ ਵਾਲਾ ਜਖ਼ਮ ਤੇ ਅੱਖਾਂ ਦਾ ਧੁੰਦਲਾਪਣ ਆਦਿ ਸ਼ੂਗਰ ਦੇ ਮੁੱਢਲੇ ਲੱਛਣ ਹਨ। ਇਸਤੋਂ ਇਲਾਵਾ ਜੇਕਰ ਉਕਤ ਲੱਛਣਾਂ ਵਿੱਚੋਂ ਕਿਸੇ ਲੱਛਣ ਬਾਰੇ ਕੋਈ ਸ਼ੱਕ ਹੋਵੇ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਸ਼ੂਗਰ ਦੀ ਜਾਂਚ ਕਰਾਉਣੀ ਚਾਹੀਦੀ ਹੈ। ਪੰਜਾਬ ਰਾਜ ਦੇ ਸਾਰੇ ਹਸਪਤਾਲਾਂ ਵਿੱਚ ਬਲੱਡ ਸ਼ੂਗਰ ਦਾ ਟੈਸਟ ਅਤੇ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।