ਆਇਉਡੀਨ ਇਕ ਅਜਿਹਾ ਤੱਤ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਜਰੂਰੀ: ਡਾ ਸੀਮਾ ਗਰਗ
ਹੁਸ਼ਿਆਰਪੁਰ 21 ਅਕਤੂਬਰ 2024 : ਆਇਉਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋ ਅੱਜ ਪੀਡੀ ਆਰਿਆ ਸੀਨੀਅਰ ਸੈਕੰਡਰੀ ਸਕੂਲ ਬਹਾਦਰ ਪੁਰ ਵਿਖੇ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਡਰ ਪ੍ਰੀਵੇਂਸ਼ਨ ਡੇਅ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਮਿਸ ਟਿਮਾਟਿਨੀ ਆਹਲੂਵਾਲੀਆ ਦੇ ਸਹਿਯੋਗ ਨਾਲ ਕੀਤੇ ਗਏ ਇਸ ਸੈਮੀਨਾਰ ਵਿੱਚ ਸਿਹਤ ਵਿਭਾਗ ਵੱਲੋਂ ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਅਤੇ ਡਿਪਟੀ ਮਾਸ ਮੀਡਿਆ ਅਫਸਰ ਰਮਨਦੀਪ ਕੌਰ ਨੇ ਸ਼ਾਮਿਲ ਹੋ ਕੇ ਵਿਦਿਆਰਥਣਾਂ ਨਾਲ ਆਇਉਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਅਤੇ ਇਸਦੇ ਨਿਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੈਮੀਨਾਰ ਨੂੰ ਸੰਬੋਧਨ ਕਰਦਿਆ ਜ਼ਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਆਇਉਡੀਨ ਇਕ ਅਜਿਹਾ ਤੱਤ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਜਰੂਰੀ ਹੈ, ਜੇਕਰ ਇਸ ਦੀ ਕਮੀ ਸਰੀਰ ਵਿੱਚ ਆ ਜਾਵੇ ਤਾਂ ਮਾਨਸਿਕ ਅਤੇ ਸਰੀਰਕ ਵਿਕਾਸ ਹਮੇਸ਼ਾ ਲਈ ਰੁੱਕ ਜਾਂਦਾ ਹੈ। ਆਇਉਡੀਨ ਦੀ ਘਾਟ ਨਾਲ ਸਰੀਰ ਵਿੱਚ ਗਿਲੱੜ ਰੋਗ, ਬੋਲਾਪਨ, ਅੱਖਾਂ ਦਾ ਟੇਡਾਪਨ, ਅਤੇ ਗਰਭਵਤੀ ਮਾਵਾਂ ਦੇ ਬੱਚੇ ਮੰਦ ਬੁੱਧੀ ਤੇ ਸਰੀਰਕ ਤੋਰ ਕਮਜੋਰ ਪੈਦਾ ਹੋ ਸਕਦੇ ਹਨ । ਇਸ ਲਈ ਬੱਚਿਆ ਦੇ ਸਰੀਰਕ ਵਾਧੇ, ਦਿਮਾਗ ਦੇ ਵਿਕਾਸ ਲਈ ਅਤੇ ਗਰਭਵਤੀ ਅਵਸਥਾਂ ਵਿੱਚ ਬੱਚੇ ਦੇ ਵਿਕਾਸ ਲਈ ਆਇਉਡੀਨ ਯੁਕਤ ਲੂਣ ਹੀ ਵਰਤਣਾ ਚਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਗਰਭਵਤੀ ਔਰਤਾਂ ਦਾ ਗਰਭ ਦੇ ਸੁਰੂਆਤੀ ਸਮੇਂ ਵਿੱਚ ਹੀ ਥਾਇਰਾਇਡ ਦਾ ਟੈਸਟ ਕਰਵਾਉਣਾ ਲਾਜਮੀ ਹੈ ਤਾਂ ਕਿ ਸਮਾਂ ਰਹਿੰਦਿਆਂ ਹੀ ਇਸ ਦਾ ਇਲਾਜ ਕੀਤਾ ਜਾ ਸਕੇ।
ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਸਾਨੂੰ ਰੋਜਾਨਾ 150 ਮਾਇਕਰੋਗ੍ਰਾਮ ਆਇਉਡੀਨ ਦੀ ਜਰੂਰਤ ਹੁੰਦੀ ਹੈ ਅਤੇ ਗਰਭਵਾਤੀ ਮਾਵਾਂ ਨੂੰ ਇਸ ਦੀ ਮਾਤਰਾ 200 ਮਾਈਕਰੋਗ੍ਰਾਮ ਤੱਕ ਰੋਜਾਨਾ ਦੀ ਜਰੂਰਤ ਹੁੰਦੀ ਹੈ ਜੋ ਕਿ ਸਾਨੂੰ ਆਇਉਡੀਨ ਯੁਕਤ ਨਮਕ ਦੇ ਰਾਂਹੀ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਦੱਸਿਆ ਕਿ ਨਮਕ ਨੂੰ ਹਮੇਸ਼ਾਂ ਹਵਾ ਬੰਦ ਡੱਬੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਧੁੱਪ ਅਤੇ ਸਿੱਲ ਵਾਲੀ ਜਗਾ ਤੇ ਨਹੀਂ ਰੱਖਣਾ ਚਾਹੀਦਾ ਹੈ ਅਤੇ ਆਇਉਡੀਨ ਯੁਕਤ ਲੂਣ ਦੀ ਵਰਤੋਂ 6 ਮਹੀਨੇ ਦੇ ਅੰਦਰ-2 ਕਰ ਲੈਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-2 ਤੇ ਫੀਲਡ ਵਰਕਰਾਂ ਰਾਂਹੀ ਘਰਾਂ ਵਿੱਚੋਂ ਨਮਕ ਦੇ ਨਮੂਨੇ ਇੱਕਠੇ ਕਰਕੇ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਪੱਤਾ ਲੱਗ ਸਕੇ ਕਿ ਜਿਹੜਾ ਨਮਕ ਅਸੀ ਖਾਂਦੇ ਹਾਂ ਉਹ ਸਾਡੀ ਆਇਉਡੀਨ ਦੀ ਰੋਜਾਨਾ ਦੀ ਲੋੜ ਨੂੰ ਪੂਰਾ ਕਰਦਾ ਹੈ ਜਾਂ ਨਹੀਂ।
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਦੱਸਿਆ ਕਿ ਇਸ ਸਾਲ ਇਸ ਦਿਵਸ ਦਾ ਥੀਮ “ਜਨਤਕ ਜਾਗਰੂਕਤਾ ਅਤੇ ਗਲੋਬਲ ਐਕਸ਼ਨ ਦੁਆਰਾ ਆਇਓਡੀਨ ਦੀ ਕਮੀ ਨੂੰ ਖਤਮ ਕਰਨਾ” ਰੱਖਿਆ ਗਿਆ ਹੈ ਤਾਂਕਿ ਸਾਂਝੇ ਯਤਨਾ ਦੇ ਨਾਲ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਕੇ ਇਸ ਦਾ ਖਾਤਮਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਆਇਉਡੀਨ ਅਜਿਹਾ ਖਣਿਜ ਹੈ ਜੋ ਕਿ ਜਿਹੜਾ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਜਰੂਰੀ ਹੈ।
ਇਸ ਦੀ ਘਾਟ ਨਾਲ ਬਾਲਾਂ ਦਾ ਝੜਨਾ, ਚਮੜੀ ਦਾ ਖੁਸ਼ਕ ਹੋਣਾ, ਹੱਡੀਆਂ ਦੀ ਕਮਜੋਰੀ, ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ ਆਦਿ ਲੱਛਣ ਪਾਏ ਜਾਂਦੇ ਹਨ। ਆਇਉਡੀਨ ਦੀ ਅਪੂਰਤੀ ਚੜਦੇ ਸੂਰਜ ਦੇ ਨਿਸ਼ਾਨ ਵਾਲਾ ਆਇਉਡਾਈਜਡ ਨਮਕ, ਸੀ-ਫੂਡ, ਡੇਅਰੀ ਪ੍ਰੋਡਕਟ, ਦੁੱਧ, ਦਹੀ ਅਤੇ ਪਨੀਰ ਰਾਂਹੀ ਕੀਤੀ ਜਾ ਸਕਦੀ ਹੈ।
ਪ੍ਰਿੰਸੀਪਲ ਟਿਮਾਟਿਨੀ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਸਕੂਲ ਵਿਚ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਤਾਂ ਜੋ ਵਿਦਿਆਰਥੀ ਇਸ ਦਾ ਲਾਭ ਲੈ ਸਕਣ।