ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਆਰੰਭ
ਹੁਸ਼ਿਆਰਪੁਰ 20 ਮਾਰਚ 2024: ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜਿਲਿਆਂ ਵਿੱਚ ਉਲੀਕੀ ਗਈ ਸਿਖਲਾਈ ਦੀ ਲੜੀ ਤਹਿਤ ਜਿਲ੍ਹਾ ਹੁਸ਼ਿਆਰਪੁਰ ਵਿੱਚ ਹੋਟਲ ਫਾਈਨ ਡਾਈਨ ਵਿਖੇ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਦੀ ਸ਼ੁਰੂਆਤ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣ ਦੀ ਅਗਵਾਈ ਵਿੱਚ ਸਰਵਿਸ ਪ੍ਰੋਵਾਈਡਰ ਅਤੇ ਇੰਟਰਨਲ ਅਸੈਂਸਰ ਵੱਲੋਂ ਆਰੰਭ ਕੀਤੀ ਗਈ।
ਸਿਵਲ ਸਰਜਨ ਨੇ ਸਿਖਲਾਈ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਤਿੰਨ ਰੋਜਾ ਸਿਖਲਾਈ ਸੈਸ਼ਨ ਵਿੱਚ ਸਿਹਤ ਵਿਭਾਗ ਦੇ ਡਾਕਟਰਾਂ, ਸਟਾਫ ਨਰਸਾਂ, ਲੈਬ ਟੈਕਨੀਸ਼ੀਅਨ, ਰੇਡੀਓਗਰਾਫਰ ਅਤੇ ਕਮਿਊਨਿਟੀ ਸਿਹਤ ਅਫਸਰਾਂ ਦੀ ਸਿਖਲਾਈ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਤਹਿਤ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਅਤੇ ਸਿਹਤ ਵਿਭਾਗ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਏਐਚਏ ਡਾ ਸ਼ਿਪਰਾ ਧੀਮਾਨ ਵੱਲੋਂ ਐਮਰਜੈਂਸੀ, ਲੇਬਰ ਰੂਮ ਅਤੇ ਐਸ.ਐਨ.ਸੀ.ਯੂ. ਦੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕਿਸੇ ਵੀ ਮਰੀਜ ਦੀ ਫਾਈਲ ਬਣਾਉਣ ਸਮੇਂ ਫਾਈਲ ਤੋਂ ਬਣੇ ਸਾਰੇ ਕਾਲਮ ਚੰਗੀ ਤਰਾਂ ਭਰੇ ਜਾਣ ਤਾਂ ਜੋ ਮਰੀਜ ਦੇ ਇਲਾਜ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਓ.ਪੀ.ਡੀ., ਫਾਰਮੇਸੀ ਵਿਭਾਗ ਅਤੇ ਓ.ਟੀ. ਵਿਭਾਗ ਵਿੱਚ ਮਿਆਰੀ ਸੁਧਾਰ ਲਿਆਉਣ ਸੰਬੰਧੀ ਵਿਚਾਰ ਸਾਂਝੇ ਕਰਦੇ ਕਿਹਾ ਸਭ ਤੋਂ ਪਹਿਲਾ ਸਿਹਤ ਸੰਸ਼ਥਾਂਵਾ ਵਿੱਚ ਹਰ ਇੱਕ ਵਿਭਾਗ ਦਾ ਨਾਮ ਅਤੇ ਹਸਪਤਾਲਾ ਦੇ ਬਾਕੀ ਹਿੱਸਿਆ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਾਵੇ ਤਾਂ ਜੋ ਮਰੀਜਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।
ਇਸ ਸਿਖਲਾਈ ਵਿੱਚ ਮੈਡੀਕਲ ਅਫਸਰ ਸੀਐਚਸੀ ਸ਼ੰਕਰ ਡਾ.ਅੰਮ੍ਰਿਤਪਾਲ, ਏਐਚਏ ਜਲੰਧਰ ਡਾ ਨੇਹਾ ਵੱਲੋਂ ਵੀ ਸਿਖਲਾਈ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਿਹਤ ਸੰਸਥਾਵਾਂ ਵਿੱਚ ਸੁਧਾਰ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।