ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 15 ਨਵੰਬਰ ਤੋਂ ਪਹਿਲਾਂ ਗੁੜ-ਸ਼ੱਕਰ ਵਾਲੇ ਵੇਲਣੇ ਚਾਲੂ ਕਰਨ ‘ਤੇ ਲਗਾਈ ਪਾਬੰਦੀ
ਹੁਸ਼ਿਆਰਪੁਰ, 31 ਅਕਤੂਬਰ: ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਨਵੰਬਰ 2023 ਤੋਂ ਪਹਿਲਾਂ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਗੁੜ-ਸ਼ੱਕਰ ਬਣਾਉਣ ਵੇਲਣੇ ਨੂੰ ਚਾਲੂ ਕਰਨ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਗੁੜ-ਸ਼ੱਕਰ ਬਣਾਉਣ ਲਈ ਕਿਸੇ ਵੀ ਕੈਮੀਕਲ ਦੀ ਵਰਤੋਂ ‘ਤੇ ਵੀ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਖੇਤੀਬਾੜੀ ਅਫ਼ਸਰ, ਫੂਡ ਸੇਫ਼ਟੀ ਅਫ਼ਸਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਜ਼ਿੰਮੇਵਾਰੀ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿਮੁੱਖ ਖੇਤੀਬਾੜੀ ਅਫ਼ਸਰ, ਹੁਸ਼ਿਆਰਪੁਰ ਵੱਲੋਂ ਇੱਕ ਪੱਤਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਗੁੜ-ਸ਼ੱਕਰ ਬਣਾਉਣ ਵਾਲਿਆ ਵਲੋਂ ਗੰਨੇ ਦੀ ਪਿੜਾਈ ਦੇ ਸੀਜ਼ਨ ਤੋਂ ਪਹਿਲਾਂ ਗੁੜ-ਸ਼ੱਕਰ ਤਿਆਰ ਕਰਦੇ ਸਮੇਂ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਕੈਮੀਕਲ/ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਕੈਮੀਕਲ/ਖੰਡ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਗੁੜ ਅਤੇ ਚੀਨੀ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ।