ਪੰਜਾਬ

ਕਪੂਰਥਲਾ ਵਿੱਚ ਸਿਵਲ ਡਿਫੈਂਸ ਵੱਲੋਂ ਹਵਾਈ ਹਮਲੇ ਦੀ ਚਿਤਾਵਨੀ, ਬਚਾਅ ਅਤੇ ਬਲੈਕਆਊਟ ਸਬੰਧੀ ਮੌਕ ਡ੍ਰਿਲ ਸਫਲਤਾਪੂਰਵਕ ਕਰਵਾਈ ਗਈ

ਕਪੂਰਥਲਾ, 27 ਨਵੰਬਰ ( ਹਰਪਾਲ ਲਾਡਾ ): ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਤੰਤਰ ਅਤੇ ਵੱਖ-ਵੱਖ ਐਮਰਜੈਂਸੀ ਰਿਸਪਾਂਸ ਏਜੰਸੀਆਂ ਦੀ ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਣ ਸਬੰਧੀ ਤਿਆਰੀਆਂ ਨੂੰ ਪਰਖਣ ਅਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁੱਕਰਵਾਰ ਦੇਰ ਸ਼ਾਮ ਪੁਰਾਣੀ ਕਚਹਿਰੀ ਵਿਖੇ ਹਵਾਈ ਹਮਲੇ ਦੀ ਚਿਤਾਵਨੀ, ਬਚਾਅ ਅਤੇ ਬਲੈਕਆਊਟ ਸਬੰਧੀ ਮੌਕ ਡ੍ਰਿਲ ਸਫਲਤਾਪੂਰਵਕ ਕਰਵਾਈ ਗਈ।

ਇਹ ਅਭਿਆਸ ਰਾਤ 8 ਵਜੇ ਹਵਾਈ ਹਮਲੇ ਦੀ ਚਿਤਾਵਨੀ ਦੇ ਸਾਇਰਨ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਦੋ ਮਿੰਟ ਤੱਕ ਉੱਚੀ ਅਤੇ ਨੀਵੀਂ ਆਵਾਜ਼ ਵਿੱਚ ਸਾਇਰਨ ਵਜਾਇਆ ਗਿਆ। ਇਸ ਤੋਂ ਬਾਅਦ ਬਲੈਕਆਊਟ ਦਾ ਅਭਿਆਸ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ, ਜਦਕਿ ਜ਼ਰੂਰੀ ਸੇਵਾਵਾਂ ਨਿਰਵਿਘਨ ਜਾਰੀ ਰਹੀਆਂ।

ਮੌਕ ਡ੍ਰਿਲ ਦੌਰਾਨ ਅੱਗ ਬੁਝਾਉਣ, ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ ਅਤੇ ਡਾਕਟਰੀ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਅਤੇ ਆਵਾਜਾਈ ਤੇ ਭੀੜ ਪ੍ਰਬੰਧਨ ਸਮੇਤ ਵੱਖ-ਵੱਖ ਐਮਰਜੈਂਸੀ ਕਾਰਜਾਂ ਨੂੰ ਆਪਸੀ ਤਾਲਮੇਲ ਨਾਲ ਅੰਜਾਮ ਦਿੱਤਾ ਗਿਆ। ਇਸ ਅਭਿਆਸ ਵਿੱਚ ਸਿਵਲ ਡਿਫੈਂਸ, ਨਗਰ ਨਿਗਮ, ਪੰਜਾਬ ਹੋਮ ਗਾਰਡਜ਼, ਸਿਹਤ ਵਿਭਾਗ, ਪੁਲਿਸ, ਫਾਇਰ ਬ੍ਰਿਗੇਡ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ।

ਇਸ ਅਭਿਆਸ ਰਾਹੀਂ ਵੱਖ-ਵੱਖ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ, ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਅਤੇ ਸੰਕਟਕਾਲੀਨ ਹਾਲਾਤਾਂ ਵਿੱਚ ਤੁਰੰਤ, ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਕਾਰਵਾਈ ਕਰਨ ਲਈ ਵੱਖ-ਵੱਖ ਏਜੰਸੀਆਂ ਦੀ ਤਿਆਰੀ ਦਾ ਜਾਇਜ਼ਾ ਲੈਣ ਦਾ ਮੌਕਾ ਮਿਲਿਆ।

ਮੌਕ ਡ੍ਰਿਲ ਦੇ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ ਦੋ ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ਵਿੱਚ ਸਾਇਰਨ ਵਜਾ ਕੇ ‘ਆਲ ਕਲੀਅਰ ਸਿਗਨਲ’ ਦਿੱਤਾ ਗਿਆ, ਜਿਸ ਰਾਹੀਂ ਅਭਿਆਸ ਦੇ ਸਫਲਤਾਪੂਰਵਕ ਸਮਾਪਤ ਹੋਣ ਦਾ ਐਲਾਨ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button

You cannot copy content of this page