Hoshairpur

ਕਣਕ ਦੀ ਫ਼ਸਲ ਨੂੰ ਵੱਧ ਤਾਪਮਾਨ ਤੋਂ ਕਿਵੇਂ ਬਚਾਇਆ ਜਾਵੇ

ਹੁਸ਼ਿਆਰਪੁਰ, 19 ਫਰਵਰੀ ( ਹਰਪਾਲ ਲਾਡਾ ) : ਪੰਜਾਬ ਵਿੱਚ ਹਾੜ੍ਹੀ ਦੌਰਾਨ ਲਗਭਗ 95 ਫੀਸਦੀ ਰਕਬੇ ‘ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਤੱਕ ਕੀਤੀ ਗਈ ਸੀ, ਜੋ ਕਿ ਕਣਕ ਦੀ ਬਿਜਾਈ ਦਾ ਢੁੱਕਵਾਂ ਸਮ੍ਹਾਂ ਹੈ। ਕਣਕ, ਖਾਸ ਕਰਕੇ ਦਾਣੇ ਪੈਣ ਸਮੇਂ, ਵੱਧ ਤਾਪਮਾਨ ਲਈ ਵਧੇਰੇ ਸੰਵੇਦਨਸ਼ੀਲ ਹੈ। ਇਸ ਸਮੇਂ ਦਾਣਿਆਂ ਦੇ ਭਾਰ ਉੱਤੇ ਵੱਧ ਤਾਪਮਾਨ ਦਾ ਮਾੜਾ ਪ੍ਰਭਾਵ ਪੈਂਦਾ ਹੈ। ਜਿਸਦੇ ਨਤੀਜੇ ਵਜੋਂ ਕਣਕ ਦੇ ਝਾੜ ਅਤੇ ਗੁਣਵੱਤਾ ਵਿੱਚ ਗਿਰਾਵਟ ਆਉਂਦੀ ਹੈ। ਵੱਧ ਤਾਪਮਾਨ ਕਾਰਨ ਹਲਕੀ ਤੋਂ ਦਰਮਿਆਨੀ ਜ਼ਮੀਨ ‘ਤੇ ਬੀਜੀ ਅਗੇਤੀ ਕਣਕ ਦੀ ਫ਼ਸਲ ਜਲਦੀ ਸਿੱਟੇ ਕੱਢ ਲੈਂਦੀ ਹੈ ਅਤੇ ਪੱਕ ਜਾਂਦੀ ਹੈ ਜਿਸ ਕਰਕੇ ਦਾਣੇ ਮਾੜੇ ਰਹਿ ਜਾਂਦੇ ਹਨ।


ਫਰਵਰੀ 2026 ਦੇ ਦੂਜੇ ਹਫ਼ਤੇ ਵਿੱਚ ਤਾਪਮਾਨ ਪਿਛਲੇ ਸਾਲ ਨਾਲੋਂ 2-4 ਡਿਗਰੀ ਸੈਟੀਂਗਰੇਡ ਜਿਆਦਾ ਦੇਖਿਆ ਗਿਆ ਹੈ। ਮੌਜੂਦਾ ਹਾਲਤਾਂ ਤਹਿਤ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ.ਮਨਿੰਦਰ ਸਿੰਘ ਬੌਂਸ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਦੀ ਫ਼ਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ।

ਸਿੰਚਾਈ ਕਰਨ ਲੱਗਿਆਂ ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ, ਤਾਂ ਜੋ ਫ਼ਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ। ਜਿਹੜੀ ਕਣਕ ਅਜੇ ਗੋਭ ਵਾਲੇ ਪੱਤੇ ‘ਤੇ ਹੈ ਉਸ ਨੂੰ ਵੱਧ ਤਾਪਮਾਨ ਤੋਂ ਬਚਾਉਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿੱਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰ ਸਕਦੇ ਹੋ।

ਡਾ. ਬੌਂਸ ਨੇ ਕਿਹਾ ਕਿ ਇਹ ਘੋਲ 200 ਲਿਟਰ ਦਾ ਬਣਾਇਆ ਜਾਵੇ ਅਤੇ ਛਿੜਕਾਅ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ। ਫ਼ਸਲ ਨੂੰ ਹਲਕਾ ਪਾਣੀ ਲਗਾਉਣ ਅਤੇ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਛਿੜਕਾਅ ਕਰਨ ਨਾਲ ਵੱਧ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page