Hoshairpurਮਨੋਰੰਜਨ

ਆਰ.ਜੇ. ਕ੍ਰੀਏਟਰਜ਼ ‘ਵੱਖਰਾ ਸਵੈਗ’ ਦਾ ਸਟਾਰ ਨਾਈਟ ਨਾਲ ਸ਼ਾਨਦਾਰ ਸਮਾਪਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਸੋਨਾਲਿਕਾ ਮੁੱਖ ਸਪਾਂਸਰ, ਪੰਜਾਬ ਟੂਰਿਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਰ.ਜੇ. ਕ੍ਰੀਏਟਰਜ਼ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸ਼ਾਪਿੰਗ ਅਤੇ ਲਾਈਫਸਟਾਈਲ ਐਗਜ਼ੀਬਿਸ਼ਨ ‘ਵੱਖਰਾ ਸਵੈਗ’ ਦਾ ਸਿਟੀ ਸੈਂਟਰ ਹੁਸ਼ਿਆਰਪੁਰ ਵਿੱਚ ਸਟਾਰ ਨਾਈਟ ਨਾਲ ਸ਼ਾਨਦਾਰ ਸਮਾਪਨ ਹੋਇਆ। ਇਹ ਮੇਗਾ ਇਵੈਂਟ 26 ਤੋਂ 28 ਦਸੰਬਰ ਤੱਕ ਚੱਲਿਆ, ਜਿਸ ਦੌਰਾਨ ਸ਼ਹਿਰ ਵਾਸੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖਰੀਦਦਾਰੀ ਕੀਤੀ।

ਸਮਾਪਨ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ, ਵਿਧਾਇਕ ਹੁਸ਼ਿਆਰਪੁਰ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਸਟਾਰ ਨਾਈਟ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰਸਤੁਤੀਆਂ ਅਤੇ ਮਨੋਰੰਜਕ ਕਾਰਜਕ੍ਰਮਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ਼ ਸਥਾਨਕ ਵਪਾਰ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਸ਼ਹਿਰ ਦੀ ਸੱਭਿਆਚਾਰਕ ਪਹਿਚਾਣ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਆਰ.ਜੇ. ਕ੍ਰੀਏਟਰਜ਼ ਦੀ ਟੀਮ ਨੂੰ ਸਫਲ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਕਾਰਾਤਮਕ ਸਮਾਗਮਾਂ ਨੂੰ ਪੂਰਾ ਸਹਿਯੋਗ ਦੇਵੇਗਾ।

ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ‘ਵੱਖਰਾ ਸਵੈਗ’ ਵਰਗੇ ਇਵੈਂਟਸ ਨਾਲ ਛੋਟੇ ਅਤੇ ਵੱਡੇ ਵਪਾਰੀਆਂ ਨੂੰ ਇੱਕ ਮੰਚ ਮਿਲਦਾ ਹੈ ਅਤੇ ਲੋਕਾਂ ਨੂੰ ਇੱਕ ਹੀ ਥਾਂ ਉੱਤੇ ਵੱਖ-ਵੱਖ ਕਿਸਮ ਦੇ ਉਤਪਾਦ ਉਪਲਬਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਇਸ ਪੱਧਰ ਦਾ ਆਯੋਜਨ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਇਸ ਕਿਸਮ ਦੀਆਂ ਸ਼ਾਪਿੰਗ ਅਤੇ ਲਾਈਫਸਟਾਈਲ ਐਗਜ਼ੀਬਿਸ਼ਨ ਨੌਜਵਾਨਾਂ ਅਤੇ ਉਦਯੋਗਪਤੀਆਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਖੇਤਰ ਦੀ ਅਰਥਵਿਵਸਥਾ ਨੂੰ ਗਤੀ ਦਿੰਦੀਆਂ ਹਨ।

ਉੱਥੇ ਹੀ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ‘ਵੱਖਰਾ ਸਵੈਗ’ ਨੇ ਹੁਸ਼ਿਆਰਪੁਰ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ ਅਤੇ ਇਸ ਤਰ੍ਹਾਂ ਦੇ ਆਯੋਜਨਾਂ ਦੀ ਲਗਾਤਾਰਤਾ ਬਹੁਤ ਜ਼ਰੂਰੀ ਹੈ। ਐਗਜ਼ੀਬਿਸ਼ਨ ਵਿੱਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਸਿੱਧ ਐਗਜ਼ੀਬਿਟਰਜ਼ ਨੇ ਆਪਣੇ ਸਟਾਲ ਲਗਾਏ। ਫੈਸ਼ਨ, ਜੁਲਰੀ, ਫੂਡ, ਆਟੋਮੋਬਾਈਲ ਅਤੇ ਲਾਈਫਸਟਾਈਲ ਨਾਲ ਸੰਬੰਧਿਤ ਸਟਾਲ ਖਾਸ ਆਕਰਸ਼ਣ ਦਾ ਕੇਂਦਰ ਬਣੇ ਰਹੇ।

ਸਰਤਾਜ ਮਹਿਮਾ ਬੇਕਰੀ (ਹੁਸ਼ਿਆਰਪੁਰ), ਸ਼ਿਵ ਪਲਾਸਟਿਕ, ਮਥਾਰੂ ਐਕਸਪੋਰਟਸ, ਪੰਜਾਬ ਬੂਟ ਹਾਊਸ, ਅੰਬਾਲਾ ਚਾਟ ਭੰਡਾਰ, ਮੋਤੀ ਜੁਲਰੀਜ਼, ਐਮ.ਐਚ. ਹੋਂਡਾ ਐਕਟਿਵਾ, ਗੁਪਤਾ ਪਲਾਈਵੁਡ, ਯੂਟੀਐਲ ਸੋਲਰ, ਭਾਰਤ ਸਿਲਕ ਸਟੋਰ, ਵਿਜੇ ਬ੍ਰਾਈਡਲ, ਰੁਦਰਾ ਕ੍ਰੀਏਸ਼ਨ, ਜੀਐਨ ਫੈਬਰਿਕ, ਪੰਜਾਬੀ ਲਿਬਾਸ ਅਤੇ ਹੁਸ਼ਿਆਰਪੁਰ ਦਾ ਪ੍ਰਸਿੱਧ ਜੁਲਰੀ ਬ੍ਰਾਂਡ ਨੀਲਮ ਜੁਲਜ਼ ਵਿਸ਼ੇਸ਼ ਆਕਰਸ਼ਣ ਰਹੇ। ਇਸ ਆਯੋਜਨ ਵਿੱਚ ਕਨਵਰ ਇਮੀਗ੍ਰੇਸ਼ਨ, ਪਟੇਲ ਹਸਪਤਾਲ ਅਤੇ ਵਾਕਸਵੈਗਨ, ਅਕਰਮ ਹੁਸੈਨ, ਰਵਜੋਤ ਹਸਪਤਾਲ, ਸ਼ਿਵ ਡੈਂਟਲ ਕਲੀਨਿਕ, ਰਾਜ 3ਡੀ ਸਕੈਨ ਸੈਂਟਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਹਨੀ ਸੂਦ, ਸਾਰਿਕਾ ਸ਼ਿਵ, ਵੇਰਕਾ ਮਿਲਕ ਚੇਅਰਮੈਨ ਰਾਜੇਸ਼ ਕੁਮਾਰ, ਵੇਰਕਾ ਮਿਲਕ ਚੇਅਰਮੈਨ ਜਸਪਾਲ ਸਿੰਘ, ਡਾ. ਕ੍ਰਿਸ਼ਨ ਗੋਪਾਲ, ਰੈੱਡ ਕ੍ਰਾਸ ਤੋਂ ਮੰਗੇਸ਼ ਸੂਦ, ਮਨਦੀਪ ਕੌਰ, ਭਾਰਤ ਭੂਸ਼ਣ, ਰਾਜੇਸ਼ ਬਜਾਜ, ਆਗਿਆ ਪਾਲ ਸਿੰਘ ਸਾਹਨੀ, ਸਿਵਲ ਡਿਫੈਂਸ ਦੇ ਪ੍ਰਮੋਦ ਸ਼ਰਮਾ ਅਤੇ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਰਹੇ। ਆਰ.ਜੇ. ਕ੍ਰੀਏਟਰਜ਼ ਦੇ ਕੋਆਰਡੀਨੇਟਰ ਡਾ. ਪੰਕਜ ਸ਼ਿਵ ਅਤੇ ਰੇਨੂ ਕੰਵਰ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਅਤੇ ਐਗਜ਼ੀਬਿਟਰਜ਼ ਵੱਲੋਂ ਮਿਲੀ ਸਕਾਰਾਤਮਕ ਪ੍ਰਤੀਕਿਰਿਆ ਨਾਲ ਟੀਮ ਬਹੁਤ ਉਤਸ਼ਾਹਿਤ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸਨੂੰ ਹੁਸ਼ਿਆਰਪੁਰ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਅਤੇ ਸ਼ਾਨਦਾਰ ਸ਼ਾਪਿੰਗ ਇਵੈਂਟ ਦੱਸਿਆ ਹੈ। ਡਾ. ਪੰਕਜ ਸ਼ਿਵ ਨੇ ਵਿਸ਼ਵਾਸ ਜਤਾਇਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਫਲ ਅਤੇ ਵੱਡੇ ਆਯੋਜਨ ਲਗਾਤਾਰ ਕਰਵਾਏ ਜਾਣਗੇ ਅਤੇ ਸਾਰੇ ਸਪਾਂਸਰਾਂ, ਪ੍ਰਮੋਟਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।

Related Articles

Leave a Reply

Your email address will not be published. Required fields are marked *

Back to top button

You cannot copy content of this page