ਪੰਜਾਬ

ਜੀਵਾਣੂਆਂ ਅਤੇ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਮਿਲ ਕੇ ਹੰਭਲਾ ਮਾਰਿਆ ਜਾਵੇ : ਰਾਜੀਵ ਵਰਮਾ

ਨਵਾਂਸ਼ਹਿਰ, 1 ਮਈ ( ਹਰਪਾਲ ਲਾਡਾ ) : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜੀਵਾਣੂਆਂ ਅਤੇ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਅੰਤਰ-ਵਿਭਾਗੀ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਸਮੇਤ ਵੱਖ-ਵੱਖ ਸਹਿਯੋਗੀ ਵਿਭਾਗਾਂ ਨੂੰ ਜ਼ਿਲ੍ਹੇ ਵਿਚ ਜੀਵਾਣੂਆਂ ਅਤੇ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਮੁਸਤੈਦ ਰਹਿਣ ਦੀ ਹਦਾਇਤ ਕੀਤੀ।

ਉਨ੍ਹਾਂ ਕਿਹਾ ਕਿ ਜੀਵਾਣੂਆਂ ਅਤੇ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹੇ ਅੰਦਰ ਸਾਰੇ ਸਹਿਯੋਗੀ ਵਿਭਾਗ ਮਿਲ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਜੀਵਾਣੂਆਂ ਨਾਲ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਅਤੇ ਦੂਸ਼ਿਤ ਪਾਣੀ ਨਾਲ ਦਸਤ, ਉਲਟੀਆਂ, ਹੈਜ਼ਾ, ਪੀਲੀਆ ਵਰਗੀਆਂ ਬਿਮਾਰੀਆਂ ਦੇ ਪ੍ਰਸਾਰ ਨੂੰ ਰੋਕਣ ਲਈ ਅੰਤਰ ਵਿਭਾਗੀ ਸਹਿਯੋਗ ਬਹੁਤ ਜ਼ਰੂਰਤ ਹੈ।

ਉਨ੍ਹਾਂ ਸਿਹਤ ਅਫਸਰਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਨਗਰ ਕੌਂਸਲ, ਸਿੱਖਿਆ ਵਿਭਾਗ, ਏਕੀਕ੍ਰਿਤ ਬਾਲ ਵਿਕਾਸ ਵਿਭਾਗ ਸਮੇਤ ਸਾਰੇ ਸਹਿਯੋਗੀ ਵਿਭਾਗ ਆਪਸੀ ਤਾਲਮੇਲ ਰਾਹੀਂ ਬਿਮਾਰੀਆਂ ਦੀ ਰੋਕਥਾਮ ਲਈ ਤੁਰੰਤ ਉਪਾਵਾਂ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਕਰਨੀ ਯਕੀਨੀ ਬਣਾਉਣ ਤਾਂ ਜੋ ਸਮਾਂ ਰਹਿੰਦਿਆਂ ਤੁਰੰਤ ਉੱਚਿਤ ਉਪਾਵਾਂ ਰਾਹੀਂ ਇਨ੍ਹਾਂ ਬਿਮਾਰੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਅਜਿਹੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਸਮੂਹਿਕ ਜ਼ਿੰਮੇਵਾਰੀ ਦੱਸਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਕਾਇਮ ਵਟਸਐਪ ਗਰੁੱਪ ਵਿਚ ਹਰੇਕ ਵਿਭਾਗ ਆਪਣੀਆਂ ਗਤੀਵਿਧੀਆਂ ਨੂੰ ਅਪਡੇਟ ਕਰੇ।

ਰਾਜੀਵ ਵਰਮਾ ਨੇ ਅੱਗੇ ਕਿਹਾ ਕਿ ਪਾਣੀ ਦੇ ਸੈਂਪਲਾਂ ਦੀ ਜਾਂਚ ਲਈ ਉੱਚਿਤ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਨਿਰਧਾਰਿਤ ਟੀਚਿਆਂ ਅਨੁਸਾਰ ਪਾਣੀ ਦੇ ਸੈਂਪਲ ਇਕੱਤਰ ਕਰਕੇ ਲੈਬੋਰਟਰੀਆਂ ਵਿੱਚ ਭੇਜੇ ਜਾਣ ਅਤੇ ਸੈਂਪਲ ਫੇਲ ਆਉਣ ਦੀ ਸੂਰਤ ਵਿਚ ਹਰੇਕ ਸਹਿਯੋਗੀ ਵਿਭਾਗ ਦੁਆਰਾ ਤੁਰੰਤ ਐਕਸ਼ਨ ਲਿਆ ਜਾਵੇ। ਕਿਸੇ ਵੀ ਥਾਂ ‘ਤੇ ਬਿਮਾਰੀ ਦਾ ਆਊਟਬ੍ਰੇਕ ਹੋਣ ‘ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਜ਼ਿਲ੍ਹੇ ਵਿਚ ਜੀਵਾਣੂਆਂ ਅਤੇ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਿਗਰਾਨੀ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈਵਾਲ ਵਿਭਾਗਾਂ ਨਾਲ ਆਪਸੀ ਤਾਲਮੇਲ ਕਰਕੇ ਜੀਵਾਣੂਆਂ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਵਿੱਚ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ। ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੱਥ ਧੋਣ ਦੀ ਵਿਧੀ ਨੂੰ ਰੋਜ਼ਮਰਾ ਜ਼ਿੰਦਗੀ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਏਰੀਏ ਵਿਚ ਦੂਸ਼ਿਤ ਪਾਣੀ ਦੀ ਸਮੱਸਿਆ ਹੈ ਤਾਂ ਉਸ ਏਰੀਏ ਵਿਚ ਜਦੋਂ ਤੱਕ ਪਾਣੀ ਦੇ ਦੂਸ਼ਿਤ ਹੋਣ ਦਾ ਮਸਲਾ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬਦਲਵੇਂ ਸਰੋਤ ਤੋਂ ਕਰਨ ਲਈ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਕੇਸਾਂ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਤੇ ਪੰਚਾਇਤ ਵਿਭਾਗ ਦੀ ਪਿੰਡਾਂ ਵਿੱਚ ਨਿਯਮਤ ਵਕਫ਼ਿਆਂ ’ਤੇ ਫੌਗਿੰਗ ਕਰਵਾਉਣ ਦੀ ਜ਼ਿੰਮੇਵਾਰੀ ਹੈ। ਇਸ ਲਈ ਫੌਗਿੰਗ ਦਾ ਸ਼ਡਿਊਲ ਅਗਾਊਂ ਸਾਂਝਾ ਕੀਤਾ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜੀਵਾਣੂਆਂ ਅਤੇ ਦੂਸ਼ਿਤ ਪਾਣੀ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਲੋਕਾਂ ਦੀ ਸਹਾਇਤਾ ਬਹੁਤ ਲਾਜ਼ਮੀ ਤੇ ਮਹੱਤਵਪੂਰਨ ਹੈ। ਦੂਸ਼ਿਤ ਪਾਣੀ ਅਤੇ ਜੀਵਾਣੂਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਦੀ ਬਹੁਤ ਲੋੜ ਹੈ।

ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਸਮ ਵਿਚ ਦੂਸ਼ਿਤ ਪਾਣੀ ਨਾਲ ਦਸਤ, ਉਲਟੀਆਂ, ਹੈਜ਼ਾ, ਪੀਲੀਆ ਵਰਗੀਆਂ ਬਿਮਾਰੀਆਂ ਦੇ ਪ੍ਰਸਾਰ ਦੀ ਸੰਭਾਵਨਾ ਵਧ ਜਾਂਦੀ ਹੈ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਆਪਣੇ ਨਿਰਧਾਰਿਤ ਕੰਮਾਂ ਨੂੰ ਬਾਖੂਬੀ ਨਿਭਾਅ ਰਿਹਾ ਹੈ।

ਇਸੇ ਦੌਰਾਨ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਨੇ ਜ਼ਿਲ੍ਹਾ ਟਾਸਕ ਫੋਰਸ ਦੇ ਮੈਂਬਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੋਟਪਾ ਐਕਟ ਨੂੰ ਜ਼ਿਲ੍ਹੇ ਅੰਦਰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ। ਇਸ ਕੰਮ ਵਿੱਚ ਸਾਰੇ ਭਾਈਵਾਲ ਵਿਭਾਗਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕੋਟਪਾ ਐਕਟ ਤਹਿਤ ਸਿਹਤ ਵਿਭਾਗ ਸਮੇਤ ਸਾਰੇ ਸਹਿਯੋਗੀ ਵਿਭਾਗਾਂ ਨੂੰ ਵੱਧ ਤੋਂ ਵੱਧ ਚਲਾਨ ਕੱਟਣ ਦੀ ਹਦਾਇਤ ਵੀ ਕੀਤੀ

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਰੇਨੂੰ ਮਿੱਤਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸਿਆਮਾਵੇਦਾ ਦੇਵੀ, ਜ਼ਿਲ੍ਹਾ ਮਨੋਵਿਗਿਆਨੀ ਡਾ. ਰਾਜਨ ਸ਼ਾਸਤਰੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਹੈਲਥ ਇੰਸਪੈਕਟਰ ਰਾਜੀਵ ਸ਼ਰਮਾ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page