ਝੋਨੇ ਦੀ ਪਰਾਲੀ ਦੀਆਂ ਗੰਢਾਂ ਦਾ ਕੁਤਰਾ ਤੇ ਮਲਚ ਕਰਨ ਵਾਲੀ ਮਸ਼ੀਨ ਦਾ ਵਿਧੀ ਪ੍ਰਦਰਸ਼ਨ
ਹੁਸ਼ਿਆਰਪੁਰ, 16 ਮਈ : ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਅਤੇ ਸਬਜ਼ੀ ਖੋਜ ਕੇਂਦਰ, ਖਨੌੜਾ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਨੂੰ ਹਲਦੀ ਵਿਚ ਮਲਚਿੰਗ ਕਰਨ ਲਈ ਪੈਡੀ ਸਟਰਾਅ ਬੇਲਰ ਸ਼ਰੇਡਰ-ਕਮ-ਮਲਚਰ ਮਸ਼ੀਨ (ਝੋਨੇ ਦੀ ਪਰਾਲੀ ਦੀਆਂ ਗੰਢਾਂ ਦਾ ਕੁਤਰਾ ਅਤੇ ਮਲਚ ਕਰਨ ਵਾਲੀ ਮਸ਼ੀਨ) ਦਾ ਵਿਧੀ ਪ੍ਰਦਰਸ਼ਨ, ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਫੁਗਲਾਣਾ ਦੇ ਇਨਾਮ ਜੇਤੂ ਅਗਾਂਹਵਧੂ ਕਿਸਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਦੇ ਹਲਦੀ ਦੇ ਖੇਤਾਂ ਵਿਚ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਡਾ. ਬਲਦੇਵ ਡੋਗਰਾ ਨੇ ਦੱਸਿਆ ਕਿ ਇਹ ਮਸ਼ੀਨ 35 ਜਾਂ ਇਸ ਤੋਂ ਵੱਧ ਹਾਰਸ ਪਾਵਰ ਦੇ ਟਰੈਕਟਰ ਨਾਲ ਆਸਾਨੀ ਨਾਲ ਚਲਾਈ ਜਾ ਸਕਦੀ ਹੈ ਅਤੇ ਇਸ ਮਸ਼ੀਨ ਦੀ ਸਮੱਰਥਾ 6-7 ਏਕੜ ਪ੍ਰਤੀ ਦਿਨ ਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਬੇਲਰ ਦੀ ਪਰਾਲੀ ਦਾ ਕੁਤਰਾ ਕਰਦੀ ਹੈ ਅਤੇ ਇਸ ਕੁਤਰੀ ਪਰਾਲੀ ਨੂੰ ਖੇਤ ਵਿਚ ਮਲਚ ਦੇ ਰੂਪ ਵਿਚ ਆਸਾਨੀ ਨਾਲ ਵਿਛਾ ਦਿੰਦੀ ਹੈ।
ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਡਾ. ਮਨਿੰਦਰ ਸਿੰਘ ਬੌਂਸ ਨੇ ਖੇਤਾਂ ਵਿਚ ਮਲਚਿੰਗ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਦੱਸਿਆ ਕਿ ਮਲਚਿੰਗ, ਇਕ ਅਜਿਹੀ ਤਕਨੀਕ ਹੈ, ਜਿਸ ਵਿਚ ਜ਼ਮੀਨ ਦੀ ਨਮੀਂ ਨੂੰ ਸੁਰੱਖਿਅਤ ਰੱਖ ਕੇ, ਨਦੀਨਾਂ ਦੇ ਵਾਧੇ ਨੂੰ ਕਾਬੂ ਕੀਤਾ ਜਾ ਸਕਦਾ ਹੈ ਤੇ ਬੂਟੇ ਨੂੰ ਵਾਧੇ ਲਈ ਸਹੀ ਵਾਤਾਵਾਰਣ ਮਿਲ ਜਾਂਦਾ ਹੈ।
ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਮਸ਼ੀਨ ਦੀ ਕਾਰਜਕੁਸ਼ਲਤਾ ਸਬੰਧੀ ਸੰਤੁਸ਼ਟੀ ਪ੍ਰਗਟਾਈ ਅਤੇ ਦੱਸਿਆ ਕਿ ਉਹ ਇਸ ਤਕਨੀਕ ਨਾਲ ਆਪਣੇ ਹਲਦੀ ਦੇ ਖੇਤਾਂ ਵਿਚ ਵਰਤੋਂ ਕਰਨਗੇ। ਇਸ ਵਿਧੀ ਪ੍ਰਦਰਸ਼ਨ ਦੌਰਾਨ ਸਬਜ਼ੀ ਵਿਗਿਆਨੀ, ਸਬਜ਼ੀ ਖੋਜ ਫਾਰਮ, ਖਨੌੜਾ ਡਾ: ਨਵਜੋਤ ਸਿੰਘ ਬਰਾੜ ਅਤੇ ਸਹਾਇਕ ਪ੍ਰਫੈਸਰ (ਐਗਰੀਕਲਚਰਲ ਇੰਜੀਨਿਅਰਿੰਗ) ਕੇ.ਵੀ.ਕੇ, ਡਾ. ਅਜੈਬ ਸਿੰਘ ਵੀ ਹਾਜ਼ਰ ਸਨ।