ਚੰਗੀ ਸਿਹਤ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੁੰਦੀ: ਡਾ.ਸੀਮਾ ਗਰਗ
ਹੁਸ਼ਿਆਰਪੁਰ 10 ਅਪ੍ਰੈਲ 2024: ਸਿਹਤ ਦੀ ਪਰਿਭਾਸ਼ਾ ਵਿਚ ਸਰੀਰਕ ਸਿਹਤ, ਮਾਨਸਿਕ ਸਿਹਤ, ਬੋਧਿਕ ਸਿਹਤ, ਅਧਿਆਤਮਿਕ ਸਿਹਤ ਅਤੇ ਸਮਾਜਿਕ ਸਿਹਤ ਆਦਿ ਵੀ ਸ਼ਾਮਲ ਹਨ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਬੀਮਾਰੀ, ਚਿੰਤਾ ਅਤੇ ਤਣਾਅ ਤੋਂ ਪੂਰੀ ਤਰ੍ਹਾਂ ਮੁਕਤ ਹੁੰਦਾ ਹੈ ਤਾਂ ਹੀ ਪੂਰਾ ਜੀਵਨ ਖੁਸ਼ਹਾਲ ਰਹਿ ਸਕਦਾ ਹੈ। ਇਸ ਲਈ ਸਿਹਤਮੰਦ ਮਨ ਅਤੇ ਸਿਹਤਮੰਦ ਸਰੀਰ ਕਿਸੇ ਵੀ ਕੰਮ ਨੂੰ ਸਫ਼ਲ ਬਣਾਉਣ ‘ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹ ਵਿਚਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾ ਘਰ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਆਯੋਜਿਤ ਸੈਮੀਨਾਰ ਦੌਰਾਨ ਜ਼ਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਨੇ ਵਿਅਕਤ ਕੀਤੇ । ਪ੍ਰਿੰਸੀਪਲ ਕਰੁਣ ਸ਼ਰਮਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਇਸ ਸੈਮੀਨਾਰ ਵਿੱਚ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜ਼ਿਲਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਨੇ ਸ਼ਾਮਿਲ ਹੋ ਕੇ ਵਿਦਿਆਰਥੀਆਂ ਨਾਲ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ।
ਡਾ. ਸੀਮਾ ਗਰਗ ਨੇ ਦੱਸਿਆ ਸਿਹਤਮੰਦ ਰਹਿਣ ਦਾ ਅਰਥ ਹੈ ਚੰਗੀ ਸਿਹਤ ਅਤੇ ਤੰਦਰੁਸਤ ਦਿਮਾਗ਼-ਜੇ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਕੁਝ ਚੰਗੀਆਂ ਆਦਤਾਂ ਅਪਣਾਉਣ ਦੀ ਜ਼ਰੂਰਤ ਹੈ। ਆਪਣੀ ਜੀਵਨ ਸ਼ੈਲੀ ਅਤੇ ਆਦਤਾਂ ਦਾ ਧਿਆਨ ਰੱਖਣਾ ਤੁਹਾਨੂੰ ਆਪਣੇ ਬਾਰੇ ਚੰਗਾ ਮਹਿਸੂਸ ਕਰਾਉਂਦਾ ਹੈ। ਇਹ ਤੁਹਾਡੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ। ਇਸੇ ਕਰਕੇ ਹੀ ਕਹਿੰਦੇ ਹਨ ਕਿ ਚੰਗੀ ਸਿਹਤ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੁੰਦੀ।
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਂਦੇ ਹਨ। ਇਸ ਵਾਰ ਇਹ ਦਿਨ ਇਸ ਲਈ ਵੀ ਖਾਸ ਬਣ ਗਿਆ ਹੈ ਕਿਉਂਕਿ ਇਹ ਮੇਰੀ ਸਿਹਤ, ਮੇਰਾ ਅਧਿਕਾਰ” ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ। ਸਿਹਤ ਅਤੇ ਤੰਦਰੁਸਤ ਦਿਮਾਗ਼, ਸਰੀਰਕ ਅਤੇ ਮਾਨਸਿਕ ਤੋਰ ‘ਤੇ ਤੰਦਰੁਸਤ ਰਹਿਣ ਲਈ ਆਪਣੀ ਜੀਵਨ ਸ਼ੈਲੀ ਅਤੇ ਆਦਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਚੰਗੀ ਸਿਹਤ ਦੇ ਕੁੱਝ ਨੁਸਖੇ ਹਨ ਜਿਵੇਂ ਪੋਸ਼ਟਿਕ ਤੱਤਾਂ ਨਾਲ ਭਰਪੂਰ ਸਿਹਤਮੰਦ ਭੋਜਨ ਕਰਨਾ, ਜੰਕ ਫੂਡ ਦਾ ਤਿਆਗ ਕਰਨਾ। ਲੂਣ, ਖੰਡ ਅਤੇ ਮੈਦਾ ਦੀ ਵਰਤੋਂ ਘੱਟ ਕੀਤੀ ਜਾਵੇ। ਤਲੀਆਂ ਚੀਜ਼ਾਂ, ਜ਼ਿਆਦਾ ਖੱਟੀਆਂ ਚੀਜ਼ਾਂ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਦਾ ਸੇਵਨ ਨਾ ਕੀਤਾ ਜਾਵੇ। ਤੰਬਾਕੂਨੋਸ਼ੀ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ। ਯੋਗਾ, ਸੈਰ ਅਤੇ ਕਸਰਤ ਕਰਨੀ। ਤਣਾਅ ਤੋਂ ਦੂਰ ਰਹਿਣਾ ਅਤੇ ਮਾਨਸਿਕ ਸਿਹਤ ਵੱਲ ਧਿਆਨ ਦੇਣਾ। ਚੰਗੀ ਨੀਂਦ ਲੈਣਾ ਵੀ ਜਰੂਰੀ ਹੈ।
ਪ੍ਰਿੰਸੀਪਲ ਕਰੁਣ ਸ਼ਰਮਾ ਨੇ ਕਿਹਾ ਕਿ ਬਿਮਾਰੀਆਂ ਦਾ ਸਿੱਧਾ ਸੰਬੰਧ ਸਾਡੀ ਜੀਵਨਸ਼ੈਲੀ-ਸਾਡੀਆਂ ਆਦਤਾਂ ਨਾਲ ਹੈ। ਦੁਨੀਆ ‘ਤੇ ਸਭ ਤੋਂ ਕੀਮਤੀ ਚੀਜ਼ ਸਾਡੀ ਆਪਣੀ ਸਿਹਤ ਹੈ। ਜੇਕਰ ਸਿਹਤ ਠੀਕ ਨਹੀਂ ਤਾਂ ਕੋਈ ਵੀ ਚੀਜ਼ ਸਾਨੂੰ ਆਨੰਦ ਨਹੀਂ ਦੇ ਸਕਦੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਿਹਤ ਸਬੰਧੀ ਵਿਸ਼ੇ ਤੇ ਭਾਸ਼ਨ ਦਿੱਤਾ ਗਿਆ ਅਤੇ ਕੁਝ ਵਿਦਿਆਰਥੀਆ ਨੇ ਪੋਸਟਰ ਬਣਾਏ। ਸਿਹਤ ਵਿਭਾਗ ਵੱਲੋਂ ਇਹਨਾਂ ਵਿਦਿਆਰਥੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦੌਰਾਨ ਅਧਿਆਪਕ ਰੱਖਸ਼ਾ ਕੁਮਾਰੀ, ਸੀਮਾ ਸੈਣੀ ਅਤੇ ਸਤਿੰਦਰ ਕੌਰ ਵੱਲੋੰ ਵੀ ਸਹਿਯੋਗ ਕੀਤਾ ਗਿਆ ।