
ਨਵਾਂਸ਼ਹਿਰ, 1 ਮਾਰਚ ( ਹਰਪਾਲ ਲਾਡਾ ): ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਏ.ਡੀ.ਜੀ.ਪੀ ਟ੍ਰੈਫਿਕ ਪੰਜਾਬ ਏ.ਐਸ.ਰਾਏ ਦੀ ਨਿਗਰਾਨੀ ਹੇਠ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਸਬਿਆ ਵਿਚ ਨਸ਼ਿਆ ਦਾ ਖ਼ਾਤਮਾ ਕਰਨ ਲਈ “ਯੁੱਧ ਨਸ਼ਿਆਂ ਵਿਰੱਧ” ਤਹਿਤ ਅਪਰੇਸ਼ਨ ਚਲਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਅਪਰੇਸ਼ਨ ਵਿਚ 2 ਐਸ.ਪੀਜ਼, 5 ਡੀ.ਐਸ.ਪੀਜ਼ ਸਮੇਤ 169 ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਜ਼ਿਲ੍ਹੇ ਦੇ ਡਰੱਗ ਹੌਟਸਪੋਟ ਪਿੰਡਾਂ/ਵਾਰਡਾਂ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਨੂੰ ਘੇਰਾਬੰਦੀ ਅਤੇ ਨਾਕਾਬੰਦੀ ਕਰਕੇ ਸਰਚ ਕੀਤੀ ਗਈ ਅਤੇ ਵਿਸ਼ੇਸ਼ ਤੌਰ ‘ਤੇ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਰਹੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।


ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੱਤ ਮੁਕਦਮੇ ਦਰਜ ਕਰਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 46 ਗ੍ਰਾਮ ਹੈਰੋਇੰਨ ਤੇ 80 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚੋਂ ਨਸ਼ਾ ਤਸਕਰਾ ਨੂੰ ਕਾਬੂ ਕਰਨਾ, ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਦਬਾਓ ਬਣਾਈ ਰੱਖਣਾ, ਉਨ੍ਹਾਂ ਦੀਆਂ ਮੋਜੂਦਾ ਗਤੀਵਿਧੀਆਂ “ਤੇ ਨਿਗਰਾਨੀ ਰੱਖਣਾ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨਾ, ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਨ੍ਹਾਂ ਦਾ ਮੁੜ-ਵਸੇਬਾ ਕਰਨਾ ਅਤੇ ਆਮ ਪਬਲਿਕ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ‘ਯੁੱਧ ਨਸ਼ਿਆ ਵਿਰੱਧ’ ਤਹਿਤ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਤੱਤਪਰ ਹੈ। ਉਨ੍ਹਾਂ ਇਸ ਮੁਹਿੰਮ ਵਿਚ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ।