Hoshairpur

ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਖੇਤੀਬਾੜੀ ਸਿਖਲਾਈ ਕੈਂਪ ਲਗਾਇਆ

ਹੁਸ਼ਿਆਰਪੁਰ, 16 ਮਈ ( ਹਰਪਾਲ ਲਾਡਾ ): ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ ਆਈ.ਸੀ.ਏ.ਆਰ. ਭਾਰਤੀ ਕਣਕ ਤੇ ਜੌਂ ਖੋਜ ਸੰਸਥਾ ਕਰਨਾਲ ਦੇ ਸਹਿਯੋਗ ਨਾਲ 2 ਦਿਨਾ ਖੇਤੀਬਾੜੀ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ  ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਿਰਕਤ ਕੀਤੀ। ਡਾ. ਰਾਜ ਕੁਮਾਰ ਚੱਬੇਵਾਲ ਨੇ ਪੰਜਾਬ ਸਰਕਾਰ ਦੀ ਅਨੁਸੂਚਿਤ ਜਾਤੀਆਂ ਦੀ ਭਲਾਈ ਬਾਬਤ ਵਚਨਬੱਧਤਾ ਦੋਹਰਾਈ ਅਤੇ ਇਸ ਬਾਬਤ ਸਰਕਾਰੀ ਸਹੂਲਤਾਂ ਬਾਰੇ ਦੱਸਿਆ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਖੇਤੀਬਾੜੀ ਦੀ ਬਿਹਤਰੀ ਲਈ ਹਰੇਕ ਜ਼ਰੂਰੀ ਕਦਮ ਚੁੱਕ ਰਹੀ ਹੈ, ਖਾਸਕਰ ਖੇਤੀ ਲਈ ਨਹਿਰੀ ਪਾਣੀ ਤੇ ਬਿਜਲੀ ਦੀ ਉਪਲਬੱਧਤਾ ਅਤੇ ਉਨ੍ਹਾਂ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੁਆਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਖੇਤੀਬਾੜੀ ਬਾਬਤ ਨਵੀਨਤਮ ਸਿਫਾਰਿਸ਼ਾਂ ਨੂੰ ਅਪਣਾਇਆ ਜਾਵੇ, ਖਾਸਕਰ ਸਾਉਣੀ ਦੀਆਂ ਫ਼ਸਲਾਂ ਵਿਚ ਕੁਦਰਤੀ ਸਰੋਤਾਂ ਦੀ ਸੰਭਾਲ, ਝੋਨੇ ਦੀ ਸਿੱਧੀ ਬਿਜਾਈ ਅਤੇ ਪਾਣੀ ਦੀ ਬੱਚਤ ਦੀਆਂ ਹੋਰ ਤਕਨੀਕਾਂ।

ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਇਲਾਕੇ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਇਸ ਦੀਆਂ ਸੇਵਾਵਾਂ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਪੂਰਾ ਲਾਹਾ ਲੈਣ ਲਈ ਪ੍ਰੇਰਿਆ।
ਇਸ ਮੌਕੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਮਨਿੰਦਰ ਸਿੰਘ ਬੌਂਸ ਨੇ ਪਹੁੰਚੇ ਮੁੱਖ ਮਹਿਮਾਨ ਅਤੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ।ਉਨ੍ਹਾਂ ਇਸ ਕੇਂਦਰ ਦੁਆਰਾ ਕਿਸਾਨ ਭਲਾਈ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਖੇਤੀ ਤੋਂ ਵੱਧ ਮੁਨਾਫੇ ਲਈ ਖੇਤੀ ਸਹਾਇਕ ਧੰਧੇ ਅਪਨਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚੱਲ ਰਹੇ ਵੱਖ-ਵੱਖ ਸ਼ੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਰਾਂਹੀ ਖੇਤੀ ਗਿਆਨ ਤੇ ਨਵੀਨਤਮ ਤਕਨੀਕੀ ਜਾਣਕਾਰੀ ਉਪਲਬੱਧ ਕਰਵਾਉਣ ਬਾਰੇ ਵੀ ਦੱਸਿਆ।

ਡਾ. ਸੱਤਿਆਵੀਰ ਸਿੰਘ ਅਤੇ ਡਾ. ਅਨਿਲ ਖਿੱਪਲ, ਪ੍ਰਮੁੱਖ ਵਿਗਿਆਨੀ, ਆਈ.ਸੀ.ਏ.ਆਰ.-ਭਾਰਤੀ ਕਣਕ ਤੇ ਜੌਂ ਖੋਜ ਸੰਸਥਾ, ਕਰਨਾਲ ਨੇ ਉਨ੍ਹਾਂ ਦੇ ਵਿਭਾਗ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਤਹਿਤ ਚਲਾਏ ਜਾ ਰਹੇ ਇਸ ਸਿਖਲਾਈ ਕੈਂਪ ਤੇ ਪ੍ਰੋਜੈਕਟ ਬਾਬਤ ਦੱਸਦਿਆਂ ਕਿਹਾ ਕਿ ਇਸ ਬਾਬਤ ਉਨ੍ਹਾਂ ਵੱਲੋਂ ਅੱਗੇ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ।
ਸਿਖਲਾਈ ਦੌਰਾਨ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਦੇ ਵਿਗਿਆਨੀਆਂ ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਸ਼੍ਰੀ.ਗੁਰਪ੍ਰਤਾਪ ਸਿੰਘ, ਸਹਿਯੋਗੀ ਪ੍ਰੋਫੈਸਰ (ਫਸਲ ਵਿਗਿਆਨ) ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਡਾ. ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਅਤੇ ਡਾ. ਸੁਖਦੀਪ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪਸ਼ੂਆਂ ਦੀ ਸਾਂਭ-ਸੰਭਾਲ, ਸਾਉਣੀ ਦੀਆਂ ਫਸਲਾਂ, ਫਲਾਂ ਤੇ ਸਬਜੀਆਂ ਦੀਆਂ ਨਵੀਨਤਮ ਫਸਲ ਉਤਪਾਦਨ, ਪੌਦ ਸੁਰੱਖਿਆ ਤੇ ਪਾਣੀ ਪ੍ਰਬੰਧਨ ਤਕਨੀਕਾਂ ਅਤੇ ਪੌਸ਼ਟਿਕ ਖੁਰਾਕ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਕੈਂਪ ਵਿਚ ਪਹੁੰਚੇ ਮਹਿਮਾਨਾਂ ਵੱਲੋਂ ਮੌਜੂਦ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਪ੍ਰੋਜੈਕਟ ਅਧੀਨ ਬੈਟਰੀ ਵਾਲੇ ਸਪਰੇਅ ਪੰਪ ਪ੍ਰਦਰਸ਼ਨੀ ਤਹਿਤ ਵਰਤੋਂ ਲਈ ਉਪਲਬੱਧ ਕਰਵਾਇਆ ਗਿਆ।
ਇਸ ਸਿਖਲਾਈ ਵਿੱਚ ਹੋਰਨਾਂ ਤੋਂ ਇਲਾਵਾ ਬਲਵੀਰ ਕੌਰ ਪੰਚ ਪਿੰਡ ਬਾਹੋਵਾਲ, ਮਦਨ ਲਾਲ ਪਿੰਡ ਬਜਵਾੜਾ, ਸੁਖਵਿੰਦਰ ਸਿੰਘ ਪਿੰਡ ਬਾਹੋਵਾਲ, ਰਾਮ ਜੀ ਪਿੰਡ ਭੂਨੋ, ਮਲਕੀਤ ਸਿੰਘ ਪਿੰਡ ਸੈਦਪੁਰ, ਨਵਨਿੰਦਰਜੀਤ ਸਿੰਘ ਮਾਹਿਲਪੁਰ, ਹਰਦੀਪ ਸਿੰਘ ਪਿੰਡ ਫਤਿਹਪੁਰ ਕੋਠੀ, ਮਲਕੀਤ ਚੰਦ ਪਿੰਡ ਦਿਹਾਣਾ ਆਦਿ ਵੀ ਮੌਜੂਦ ਸਨ।
ਅੰਤ ਵਿਚ ਪ੍ਰਵੀਨ ਕੁਮਾਰ ਸੋਨੀ, ਸਰਪੰਚ, ਪਿੰਡ ਜੈਜੋਂ ਦੁਆਬਾ, ਵੱਲੌਂ ਮੂੱਖ ਮਹਿਮਾਨ, ਮਾਹਿਰਾਂ ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button

You cannot copy content of this page