ਨਸ਼ਾ ਖ਼ੋਰੀ ਆਦਤ ਨਹੀਂ ਬੀਮਾਰੀ ਹੈ, ਜਿਸ ਦਾ ਇਲਾਜ ਸੰਭਵ ਹੈ: ਡਾ ਮਹਿਮਾ ਮਿਨਹਾਸ

ਹੁਸ਼ਿਆਰਪੁਰ 31 ਜਨਵਰੀ 2025 ( ਹਰਪਾਲ ਲਾਡਾ ): ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ (ਆਈ.ਏ.ਐੱਸ.) ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਦੇ ਡਾ. ਮਹਿਮਾ ਮਿਨਹਾਸ ਦੀ ਅਗਵਾਈ ਹੇਠ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਰਾਜੇਸ਼ ਕੁਮਾਰ ਦੇ ਸਹਿਯੋਗ ਨਾਲ ਨਸ਼ਿਆਂ ਅਤੇ ਇਸ ਦੇ ਇਲਾਜ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੜ ਵਸੇਬਾ ਕੇਂਦਰ ਤੋਂ ਕਾਊਂਸਲਰ ਪ੍ਰਸ਼ਾਂਤ ਆਦਿਆ ਅਤੇ ਕਾਊਂਸਲਰ ਤਾਨੀਆ ਵੋਹਰਾ ਵੱਲੋਂ ਨਸ਼ਿਆਂ ਬਾਰੇ ਅਤੇ ਇਸਦੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ।
ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਮਹਿਮਾ ਮਿਨਹਾਸ ਨੇ ਕਿਹਾ ਅੱਜ ਦੇ ਸਮੇਂ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈਂ। ਅਸੀਂ ਆਪ ਜਾਗਰੂਕ ਹੋਵਾਂਗੇ ਤਾਂ ਹੀ ਸਮਾਜ ਵਿੱਚ ਜਾਗਰੂਕਤਾ ਪੈਦਾ ਕਰ ਸਕਾਂਗੇ। ਨਸ਼ਾ ਇਕ ਆਦਤ ਨਹੀਂ ਸਗੋਂ ਬੀਮਾਰੀ ਹੈ ਤੇ ਇਹ ਇਲਾਜਯੋਗ ਹੈ।ਨਸ਼ਾ ਖ਼ੋਰੀ ਦਾ ਇਲਾਜ਼ ਸਿਹਤ ਵਿਭਾਗ ਪੰਜਾਬ ਵੱਲੋ ਮੁਫ਼ਤ ਕੀਤਾ ਜਾਂਦਾ ਹੈਂ। ਜਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਾ ਖੋਰੀ ਦਾ ਇਲਾਜ਼ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨਲ ਹਸਪਤਾਲ ਦਸੂਹਾ ਵਿਖੇ ਮੁਫਤ ਕੀਤਾ ਜਾਂਦਾ ਹੈ।


ਜੇਕਰ ਕੋਈ ਮਰੀਜ਼ ਇਲਾਜ਼ ਲਈ ਆਉਂਦਾ ਹੈ ਤਾਂ ਨਸ਼ਾ ਮੁਕਤੀ ਕੇੱਦਰ ਉਸ ਦਾ ਪੂਰਾ ਇਲਾਜ਼ ਕਰਨ ਲਈ ਵਚਨਵੱਧ ਹੈ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਯਤਨਾਂ ਸਦਕਾ ਕੇੰਦਰ ਵਿੱਚ ਮਰੀਜ਼ਾ ਨੂੰ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਹੋਣ ਵਿੱਚ ਮਦਦ ਕੀਤੀ ਜਾਂਦੀ ਹੈਂ।

ਕਾਊਂਸਲਰ ਸ਼੍ਰੀ ਪ੍ਰਸ਼ਾਂਤ ਆਦੀਆ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖ਼ੋਰੀ ਇੱਕ ਮਾਨਸਿਕ ਬਿਮਾਰੀ ਹੈ। ਉਨ੍ਹਾਂ ਨੇ ਨਸ਼ਾਖ਼ੋਰੀ ਦੇ ਕਾਰਨ, ਚਿੰਨ੍ਹ ਅਤੇ ਇਸ ਦੇ ਨਾਲ ਹੋਣ ਵਾਲਿਆਂ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਾਖੋਰੀ ਦਾ ਇਲਾਜ਼ ਸਿਹਤ ਵਿਭਾਗ ਵੱਲੋ ਮੁਫ਼ਤ ਕੀਤਾ ਜਾਂਦਾ ਹੈ, ਜੇਕਰ ਕੋਈ ਵਿਅਕਤੀ ਇਲਾਜ਼ ਅਧੀਨ ਆਉਣਾ ਚਾਹੁੰਦਾ ਹੈਂ ਉਹ ਜਿਲ੍ਹਾ ਹੈਲਪ ਲਾਈਨਜ਼ ਨੰਬਰ 01882-244636 (ਸਵੇਰੇ 9ਵਜੇ ਤੋਂ 3 ਵਜੇ ਤੱਕ (ਕੇਵਲ ਕੰਮ ਵਾਲੇ ਦਿਨਾਂ ਵਿੱਚ) ਸੰਪਰਕ ਕਰ ਸਕਦਾ ਹੈਂ।
ਕਾਉਂਸਲਰ ਸ਼੍ਰੀਮਤੀ ਤਾਨੀਆ ਵੋਹਰਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਮਰੀਜ਼ ਨੂੰ ਦਾਖਲ ਕਰਕੇ ਪਹਿਲਾਂ 15-21 ਦਿਨਾਂ ਤੱਕ ਮਰੀਜ਼ ਦਾ ਡੀਟੋਕਸੀਫਿਕੇਸ਼ਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਸਰਕਾਰੀ ਪੁਨਰਵਾਸ ਕੇਂਦਰ ਮੁਹੱਲਾ ਫਤਹਿਗੜ੍ਹ ਹੁਸ਼ਿਆਰਪੁਰ ਵਿਖ਼ੇ 90 ਦਿਨਾਂ ਲਈ ਦਾਖ਼ਲ ਕਰਵਾਇਆ ਜਾਂਦਾ ਹੈ, ਜਿੱਥੇ ਵਿਅਕਤੀਗਤ ਕਾਉਸਲਿੰਗ, ਗਰੁੱਪ ਕਾਉਸਲਿੰਗ, ਅਧਿਆਤਮਿਕ ਕਾਉਸਲਿੰਗ ਦੇ ਨਾਲ ਨਾਲ ਖੇਡਾਂ ਅਤੇ ਥੈਰਪੀ ਵੀ ਕਾਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾਖ਼ੋਰੀ ਦੇ ਇਲਾਜ਼ ਦੇ ਨਾਲ ਨਾਲ ਪ੍ਰਮਾਨਿਤ ਸਕਿੱਲ ਡਿਵੈਲਪਮੈਂਟ ਕੋਰਸ ਵੀ ਕਰਵਾਏ ਜਾਂਦੇ ਹਨ ਤਾਂ ਕਿ ਮਰੀਜ਼ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ।
ਇਸ ਮੌਕੇ ਸੰਜੀਵ ਬਖਸ਼ੀ, ਮੀਨਾਕਸ਼ੀ ਮੈਨਨ, ਅਸ਼ਵਨੀ ਕੁਮਾਰ, ਅੰਕਿਤਾ, ਵਿਕਰਮ ਕੁਮਾਰ, ਸਮੂਹ ਸਟਾਫ਼ ਤੇ ਵਿਦਿਆਰਥੀ ਆਦਿ ਹਾਜ਼ਿਰ ਸਨ।