ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਰੁਪਮਾਨ ਕਰਦੀਆਂ ਝਾਕੀਆਂ ਦਾ ਹੁਸ਼ਿਆਰਪੁਰ ਵਿਖੇ ਸ਼ਾਨਦਾਰ ਸਵਾਗਤ
ਹੁਸ਼ਿਆਰਪੁਰ, 8 ਫਰਵਰੀ : ‘ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਅਹਿਮ ਯੋਗਦਾਨ’, ’ਨਾਰੀ ਸ਼ਕਤੀ’ ਅਤੇ ’ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਰੂਪਮਾਨ’ ਕਰਦੀਆਂ ਝਾਕੀਆਂ ਦਾ ਅੱਜ ਹੁਸ਼ਿਆਰਪੁਰ ਪਹੁੰਚਣ ’ਤੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵਿਚ ਫੁੱਲਾਂ ਦੀ ਵਰਖਾ ਨਾਲ ਹੁਸ਼ਿਆਰਪੁਰ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਘੰਟਾ ਘਰ ਸਕੂਲ ਦੇ ਬੱਚਿਆਂ ਵੱਲੋਂ ਬੈਂਡ ਦੀਆਂ ਮਨਮੋਹਕ ਧੁਨਾਂ ਨਾਲ ਵਾਤਾਵਰਨ ਨੂੰ ਹੋਰ ਮਹਿਕਾ ਦਿੱਤਾ ਗਿਆ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ. ਐਸ. ਪੀ ਸੁਰੇਂਦਰ ਲਾਂਬਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਹੁਸ਼ਿਆਰਪੁਰ ਸੈਂਟਰ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ, ਡੀ. ਐਸ. ਪੀ ਅਮਰ ਨਾਥ, ਐਡਵੋਕੇਟ ਅਮਰਜੋਤ ਸੈਣੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਇਨ੍ਹਾਂ ਝਾਕੀਆਂ ਵਿਚ ਜਲਿ੍ਹਆਂਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਦੂਜੀ ਝਾਕੀ ਜ਼ਰੀਏ ਨਾਰੀ ਸਸ਼ਕਤੀਕਰਨ (ਮਾਈ ਭਾਗੋ ਦੀ ਸੂਰਮਗਤੀ) ਅਤੇ ਮਾਈ ਭਾਗੋ ਆਰਮਡ ਫੋਰਸਜ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਤੀਜੀ ਝਾਕੀ ਦੇ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਇਨ੍ਹਾਂ ਝਾਕੀਆਂ ਨੂੰ ਪੰਜਾਬ ਵਾਸੀਆਂ ਦੇ ਰੁਬਰੂ ਕਰਨ ਕੀਤਾ ਗਿਆ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੇਮਿਸਾਲ ਹੈ ਅਤੇ ਇਸ ਨੂੰ ਕੋਈ ਵੀ ਘਟਾ ਕੇ ਨਹੀਂ ਦੇਖ ਸਕਦਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਇਹ ਸ਼ਾਨਦਾਰ ਝਾਕੀਆਂ, ਜਿਨ੍ਹਾਂ ਨੂੰ ਉਥੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਮਹਾਨ ਇਤਿਹਾਸ ਅਤੇ ਅਮੀਰ ਸੱਭਿਆਚਾਰ, ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਹੋਵੇਗਾ ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਝਾਕੀਆਂ ਨਾਲ ਤਸਵੀਰਾਂ ਅਤੇ ਸੈਲਫੀਆਂ ਖਿਚਵਾਈਆਂ ਅਤੇ ਆਪਣੀ ਸਦੀਵੀ ਯਾਦ ਦਾ ਹਿੱਸਾ ਬਣਾਇਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਇਹ ਝਾਕੀਆਂ ਪਟਿਆਲਾ ਅਤੇ ਲੁਧਿਆਣਾ ਵਿਖੇ ਹੋਏ ਗਣਤੰਤਰ ਦਿਵਸ ਸਮਾਗਮਾਂ ਵਿਚ ਪ੍ਰਦਰਸ਼ਿਤ ਕਰਨ ਉਪਰੰਤ ਵੱਖ-ਵੱਖ ਜ਼ਿਲਿ੍ਹਆਂ ਵਿਚੋਂ ਹੁੰਦੀਆਂ ਹੋਈਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਬੀਤੇ ਦਿਨ ਗੜ੍ਹਸ਼ੰਕਰ ਰਾਹੀਂ ਹੁਸ਼ਿਆਰਪੁਰ ਜਿਲੇ ਦੀ ਹੱਦ ਵਿਚ ਦਾਖਲ ਹੋਈਆਂ, ਜਿਥੇ ਗੜ੍ਹਸ਼ੰਕਰ ਵਿਖੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਵਿਚ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਪਰੰਤ ਇਹ ਸੈਲਾ ਖੁਰਦ, ਮਾਹਿਲਪੁਰ ਤੇ ਚੱਬੇਵਾਲ ਹੁੰਦੀਆਂ ਹੋਈਆਂ ਹੁਸ਼ਿਆਰਪੁਰ ਸ਼ਹਿਰ ਵਿਚ ਦਾਖ਼ਲ ਹੋਈਆਂ, ਜਿਥੇ ਸ਼ਹੀਦ ਭਗਤ ਸਿੰਘ ਚੌਕ, ਸਰਕਾਰੀ ਕਾਲਜ ਚੌਕ, ਪ੍ਰਭਾਤ ਚੌਕ, ਟਾਂਡਾ ਬਾਈਪਾਸ ਅਤੇ ਨਲੋਈਆਂ ਚੌਕ ਵਿਖੇ ਲੋਕ ਇਨ੍ਹਾਂ ਦੇ ਰੁਬਰੂ ਹੋਏ। ਅੱਜ ਰਾਤ ਹਰਿਆਣਾ ਵਿਖੇ ਸਟੇਅ ਕਰਨ ਉਪਰੰਤ ਭਲਕੇ ਇਹ ਝਾਕੀਆਂ ਭੂੰਗਾ, ਗੜ੍ਹਦੀਵਾਲਾ, ਦਸੂਹਾ, ਉੱਚੀ ਬੱਸੀ ਤੋ ਹੁੰਦੀਆਂ ਹੋਈਆਂ ਮੁਕੇਰੀਆਂ ਪਹੁੰਚਣਗੀਆਂ ਅਤੇ ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰਨਗੀਆਂ।