ਡਿਪਟੀ ਕਮਿਸ਼ਨਰ ਵਲੋਂ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਜਾਰੀ
ਹੁਸ਼ਿਆਰਪੁਰ, 8 ਸਤੰਬਰ:ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਟਵਾਰੀਆਂ ਵਲੋਂ ਛੱਡੇ ਗਏ ਵਾਧੂ ਸਰਕਲਾਂ ਅਧੀਨ ਆਉਂਦੇ ਪਿੰਡਾਂ/ਸ਼ਹਿਰਾਂ ਦੇ ਕੰਮਕਾਜ ਨੂੰ ਮੁੱਖ ਰੱਖਦਿਆਂ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਸੇਵਾਵਾਂ ਵਿਚ ਜ਼ਮੀਨ ਦੀ ਰਿਪੋਰਟ ਦੀ ਜ਼ਰੂਰਤ ਨਹੀਂ ਹੈ, ਜਿਵੇਂ ਕਿ ਐਸ.ਸੀ. ਸਰਟੀਫਿਕੇਟ, ਬੀ.ਸੀ ਸਰਟੀਫਿਕੇਟ, ਰੈਜੀਡੈਂਟ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ, ਕੰਢੀ ਏਰੀਆ ਸਰਟੀਫਿਕੇਟ, ਜਨਰਲ ਕਾਸਟ ਸਰਟੀਫਿਕੇਟ, ਬੇਟ ਏਰੀਆ ਸਰਟੀਫਿਕੇਟ ਆਦਿ ਲਈ ਕਿਸੇ ਦੋ ਵਿਅਕਤੀਆਂ/ਕਰਮਚਾਰੀਆਂ ਦੀ ਤਸਦੀਕ ਮੰਨਣਯੋਗ ਹੋਵੇਗੀ, ਜਿਨ੍ਹਾਂ ਵਿਚ ਨੰਬਰਦਾਰ, ਸਰਪੰਚ ਤੇ ਮੈਂਬਰ ਪੰਚਾਇਤ, ਪੰਚਾਇਤ ਸਕੱਤਰ, ਮਿਊਂਸਪਲ ਕੌਂਸਲਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਚੇਅਰਮੈਨ ਬਲਾਕ ਸੰਮਤੀ, ਪ੍ਰਧਾਨ ਨਗਰ ਕੌਂਸਲ/ਨਗਰ ਪੰਚਾਇਤ, ਜ਼ਿਲ੍ਹੇ ਅੰਦਰ ਕਿਸੇ ਵੀ ਸਕੂਲ ਦਾ ਪ੍ਰਿੰਸੀਪਲ, ਹੈਡਮਾਸਟਰ, ਅਧਿਆਪਕ ਅਤੇ ਕੋਈ ਵੀ ਸਰਕਾਰੀ ਅਧਿਕਾਰੀ /ਕਰਮਚਾਰੀ (ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਫਾਈਲ ਨਾਲ ਨੱਥੀ ਕਰਕੇ), ਜੋ ਕਿ ਦਰਖਾਸਤੀ ਨੂੰ ਜਾਤੀ ਤੌਰ ’ਤੇ ਜਾਣਦੇ ਹੋਣ, ਦੀ ਤਸਦੀਕ ਮੰਨਣਯੋਗ ਹੋਵੇਗੀ।ਜਿਨ੍ਹਾਂ ਸੇਵਾਵਾਂ ਵਿਚ ਜ਼ਮੀਨ ਦੀ ਰਿਪੋਰਟ ਦੀ ਜ਼ਰੂਰਤ ਹੈ, ਜਿਵੇਂ ਕਿ ਆਮਦਨ ਸਰਟੀਫਿਕੇਟ, ਆਮਦਨ ਅਤੇ ਸੰਪਤੀ ਸਰਟੀਫਿਕੇਟ, ਨਾਨ-ਐਨਕੰਬਰੈਂਸ ਸਰਟੀਫਿਕੇਟ, ਓਲਡ ਪੈਨਸ਼ਨ ਸਰਟੀਫਿਕੇਟ, ਸ਼ਗਨ ਸਕੀਮ, ਚੱਲ-ਅਚੱਲ ਜਾਇਦਾਦ ਆਦਿ ਦੀ ਰਿਪੋਰਟ ਵਿਚ ਫਾਰਮ ’ਤੇ ਤਸਦੀਕ ਸਬੰਧਤ ਤਹਿਸੀਲ ਦੇ ਏ.ਐਸ.ਐਮ ਫਰਦ ਕੇਂਦਰ ਵਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਲ ਰਿਕਾਰਡ ਦੀਆਂ ਆਨਲਾਈਨ ਪਿਛਲੀਆਂ ਜਮ੍ਹਾਂ ਬੰਦੀਆਂ ਸਬੰਧਤ ਤਹਿਸੀਲ ਏ.ਐਸ.ਐਮ ਫਰਦ ਕੇਂਦਰ ਜਾਰੀ ਕਰੇਗਾ।ਇਸੇ ਤਰ੍ਹਾਂ ਕੁਲੈਕਟਰ ਰੇਟ ਦੀ ਰਿਪੋਰਟ, ਵੱਖ-ਵੱਖ ਅਦਾਲਤਾਂ ਵਲੋਂ ਮੰਗੀ ਜਾਂਦੀ ਜ਼ਮੀਨ ਦੀ ਕੀਮਤ, ਜਮਾਨਤ ਸਬੰਧੀ ਰਿਪੋਰਟ, ਆੜ ਰਹਿਣ ਅਤੇ ਸਟੇਅ, ਇਕਊਟੀ ਮਾਰਟਗੇਜ਼ ਦੀ ਰਿਪੋਰਟ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਆਪਣੇ ਪੱਧਰ ’ਤੇ ਆਪਣੇ ਅਧੀਨ ਕਰਮਚਾਰੀਆਂ ਤੋਂ ਕਰਵਾਉਣਾ ਯਕੀਨੀ ਬਣਾਉਣਗੇ ਅਤੇ ਇਸ ਸਬੰਧੀ ਵੱਖਰਾ ਰਜਿਸਟਰ ਵੀ ਮੇਨਟੇਨ ਕਰਨਗੇ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।