ਸਿਵਲ ਸਰਜਨ ਦਫ਼ਤਰ ਵਿਖੇ ਨੇਤਰਦਾਨ ਐਸੋਸੀਏਸ਼ਨ ਵੱਲੋਂ ਨੇਤਰਦਾਨ ਜਾਗਰੂਕਤਾ ਲਈ ਸਥਾਪਿਤ ਕੀਤਾ ਸੈਲਫੀ ਪੁਆਇੰਟ

ਹੁਸ਼ਿਆਰਪੁਰ 13 ਮਾਰਚ 2025 ( ਹਰਪਾਲ ਲਾਡਾ ): ਲੋਕਾਂ ਨੂੰ ਮਰਣ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਇਕ ਸੈਲਫੀ ਪੁਆਇੰਟ ਸਥਾਪਿਤ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਵਲੋਂ ਕੀਤੀ ਗਈ। ਇਸ ਮੌਕੇ ਏਸੀਐਸ ਡਾ ਕਮਲੇਸ਼ ਕੁਮਾਰੀ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਅਤੇ ਦਫ਼ਤਰੀ ਸਟਾਫ ਤੋਂ ਇਲਾਵਾ ਨੇਤਰਦਾਨ ਐਸੋਸੀਏਸ਼ਨ ਦੇ ਫਾਊਂਡਰ ਮੈਂਬਰ ਬਹਾਦਰ ਸਿੰਘ ਸੁਨੇਤ, ਪ੍ਰਧਾਨ ਮਨਮੋਹਨ ਸਿੰਘ, ਸੈਕਟਰੀ ਬਲਜੀਤ ਸਿੰਘ, ਮੈਡਮ ਰਚਨਾ ਕੌਰ, ਸੰਤੋਸ਼ ਸੈਣੀ, ਹਰਭਜਨ ਸਿੰਘ, ਗੁਰਪਾਲ ਸਿੰਘ ਤੇ ਹੋਰ ਮੈਂਬਰ ਹਾਜਰ ਸਨ।
ਇਸ ਮੌਕੇ ਸਿਵਲ ਸਰਜਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਭਾਰਤ ਵਿਚ ਲੱਖਾਂ ਲੋਕ ਨੇਤਰਹੀਣਤਾ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਲੋਕ ਦਾਨ ਕੀਤੀਆਂ ਅੱਖਾਂ ਰਾਹੀਂ ਵੇਖ ਸਕਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ’ਚ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦੇ ਦਾਨ ਦੀ ਮੁਹਿੰਮ ’ਚ ਅੱਗੇ ਹੋ ਕੇ ਯੋਗਦਾਨ ਪਾਉਣ ਅਤੇ ਆਪਣੇ ਪਰਿਵਾਰਕ ਜੀਆਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਵੀ ਇਸ ਨੇਕ ਕੰਮ ਲਈ ਪ੍ਰੇਰਿਤ ਕਰਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਪੁਤਲੀ ਬਦਲਣ ਦੇ ਆਪਰੇਸ਼ਨ ਮੁਫ਼ਤ ਕੀਤੇ ਜਾਂਦੇ ਹਨ ।


ਡਾ ਕਮਲੇਸ਼ ਕੁਮਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਖਾਂ ਦਾਨ ਕਰਨ ਦਾ ਫ਼ੈਸਲਾ ਮੌਤ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਅਤੇ ਅੱਖਾਂ ਦਾ ਦਾਨ ਕੇਵਲ ਮੌਤ ਤੋਂ ਬਾਅਦ ਹੀ ਹੁੰਦਾ ਹੈ। ਅੱਖਾਂ ਦਾਨ ਕਰਨ ਲਈ ਫ਼ਾਰਮ ਭਰਿਆ ਜਾਂਦਾ ਹੈ। ਮੌਤ ਤੋਂ 4 ਤੋਂ 6 ਘੰਟਿਆਂ ਦੇ ਅੰਦਰ ਅੱਖਾਂ ਦਾਨ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਉਮਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ ਚਾਹੇ ਉਸ ਦੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਆਪਰੇਸ਼ਨ ਹੋਇਆ ਹੋਵੇ, ਲੈਨਜ਼ ਪਏ ਹੋਣ। ਏਡਜ਼, ਪੀਲੀਆ, ਬਲੱਡ ਕੈਂਸਰ ਤੇ ਦਿਮਾਗ਼ੀ ਬੁਖਾਰ ਆਦਿ ਬੀਮਾਰੀਆਂ ਤੋਂ ਪੀੜਤ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦਾ ਹੈ।

ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਵਾਸਤੇ ਅੱਖਾਂ ਦੇ ਬੈਂਕ ਦੀ ਟੀਮ ਦੇ ਆਉਣ ਤਕ ਅੱਖਾਂ ਦੀ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ’ਤੇ ਗਿੱਲਾ ਤੇ ਸਾਫ਼ ਕੱਪੜਾ ਰਖਿਆ ਜਾਵੇ। ਅੱਖਾਂ ਕੱਢਣ ’ਚ ਸਿਰਫ਼ 10-15 ਮਿੰਟ ਲਗਦੇ ਹਨ ਅਤੇ ਇਸ ਪ੍ਰਕਿਆ ’ਚ ਚਿਹਰੇ ’ਤੇ ਕੋਈ ਨਿਸ਼ਾਨ ਜਾਂ ਦਾਗ਼ ਨਹੀਂ ਲੱਗਦਾ। ਉਹਨਾਂ ਆਪਣੀ ਨੇਤਰਦਾਨ ਐਸੋਸਿਏਸ਼ਨ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤੋਂ 25 ਸਾਲ ਪਹਿਲਾਂ ਹੋਲੀ ਵਾਲੇ ਦਿਨ ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਜਿਹਨਾ ਵਿਅਕਤੀਆਂ ਦੀ ਜ਼ਿੰਦਗੀ ਹਨੇਰੀ ਆ ਉਹਨਾਂ ਦੀ ਜ਼ਿੰਦਗੀ ਵਿਚ ਰੰਗ ਭਰੇ ਜਾਣ ਤੇ ਉਹ ਆਪਣੇ ਨੇਤਰਾਂ ਰਾਹੀਂ ਕੁਦਰਤ ਦੀ ਬਣਾਈ ਦੁਨੀਆ ਨੂੰ ਤੱਕ ਸਕਣ।