‘ਸਵੱਛਤਾ ਹੀ ਸੇਵਾ ਮੁਹਿੰਮ’ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ : ਡਾ ਸਵਾਤੀ
ਹੁਸ਼ਿਆਰਪੁਰ 29 ਸਤੰਬਰ 2024: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀ ਦੀ ਯੋਗ ਅਗਵਾਈ ਅਧੀਨ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਪੰਦਰਵਾੜੇ ਦੌਰਾਨ “ਸਵਭਾਵ ਸਵੱਛਤਾ ਸੰਸਕਾਰ ਸਵੱਛਤਾ” ਥੀਮ ਦੇ ਤਹਿਤ ਰਿਲਾਇੰਸ ਫਾਊਂਡੇਸ਼ਨ ਹੁਸ਼ਿਆਰਪੁਰ ਦੇ ਵਾਲੰਟੀਅਰਸ ਵਲੋਂ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਤੇ ਸਿਵਲ ਸਰਜਨ ਆਫਿਸ ਦੇ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਮੇਟਰਨ ਸ਼ਸ਼ੀ ਬਾਲਾ, ਨਰਸਿੰਗ ਸਿਸਟਰ ਸੁਸ਼ਮਾ, ਕੁਲਰਾਜ ਕੌਰ, ਰਣਜੀਤ ਕੌਰ ਅਤੇ ਸਕਿੰਦਰ ਕੌਰ ਤੋਂ ਇਲਾਵਾ ਫਾਊਂਡੇਸ਼ਨ ਹੁਸ਼ਿਆਰਪੁਰ ਦੇ ਸਾਈਟ ਪ੍ਰੈਸੀਡੈਂਟ ਸ੍ਰੀ ਰਾਜੇਸ਼ ਅਰੋੜਾ, ਐਚਆਰਹੈਡ ਸ੍ਰੀ ਅਵਿਨਾਸ਼ ਕੁਮਾਰ, ਸ੍ਰੀ ਪ੍ਰਵੀਨ ਜੌਲੀ, ਸ੍ਰੀ ਅਮਿਤ ਰਾਏ, ਡਾ ਮਨਜਿੰਦਰ, ਸ੍ਰੀ ਭੁਪਿੰਦਰ, ਸ੍ਰੀ ਕੇਹਰ ਸਿੰਘ, ਸ੍ਰੀ ਮੋਹਣ ਲਾਲ, ਮਿਸ ਕਲਿਆਣੀ, ਮਿਸ ਗੀਤਿਕਾ ਅਤੇ ਰਿਲਾਇੰਸ ਦੇ 100 ਦੇ ਕਰੀਬ ਕਰਮਚਾਰੀ ਸ਼ਾਮਿਲ ਹੋਏ।
ਇਸ ਮੌਕੇ ਡਾ ਸਵਾਤੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼-ਸੁਥਰਾ ਵਾਤਾਵਰਨ ਸਿਰਜਣ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਰੂਟੀਨ ਵਿੱਚ ਸਫ਼ਾਈ ਕਰਵਾਈ ਜਾਂਦੀ ਹੈ। ਅੱਜ ਇਸ ਮੁਹਿੰਮ ਦੇ ਤਹਿਤ ਰਿਲਾਇੰਸ ਫਾਊਂਡੇਸ਼ਨ ਗਰੁੱਪ ਵਲੋਂ ਹਸਪਤਾਲ ਦੇ ਵੱਖ ਵੱਖ ਸਥਾਨਾਂ ਅਤੇ ਖਾਲੀ ਏਰੀਏ ਦੀ ਸਫ਼ਾਈ ਕੀਤੀ ਗਈ। ਰਿਲਾਇੰਸ ਫਾਉਂਡੇਸ਼ਨ ਦੇ ਮੈਂਬਰਾਂ ਵਲੋਂ ਜਿੱਥੇ ਜਰੂਰਤ ਸੀ ਉੱਥੇ ਜੇਸੀਬੀ ਨਾਲ ਵੀ ਸਫਾਈ ਕਰਵਾਈ ਗਈ ।ਉਨ੍ਹਾਂ ਕਿਹਾ ਕਿ ਸਾਫ ਸਫਾਈ ਰੱਖਣ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਹਿਜੇ ਹੀ ਬਚ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹਾਂ। ਉਹਨਾਂ ਕਿਹਾ ਕਿ ਸਿਹਤ ਸੰਸਥਾਵਾਂ ਦੀ ਸਫਾਈ ਹੋਣ ਨਾਲ ਲੋਕਾਂ ਦਾ ਸਿਹਤ ਸੰਸਥਾਵਾਂ ਵਿੱਚ ਵਿਸ਼ਵਾਸ ਵੱਧਦਾ ਹੈ l ਵਧੀਆ ਮਾਹੌਲ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।
ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ ਸਵਾਤੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਸਾਰੇ ਮੈਡੀਕਲ ਟੈਸਟ ਵੀ ਕੀਤੇ ਗਏ।
ਰਿਲਾਇੰਸ ਫਾਊਂਡੇਸ਼ਨ ਹੁਸ਼ਿਆਰਪੁਰ ਦੇ ਸਾਈਟ ਪ੍ਰੈਸੀਡੈਂਟ ਸ੍ਰੀ ਰਾਜੇਸ਼ ਅਰੋੜਾ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ “ਸਵੱਛਤਾ ਹੀ ਸੇਵਾ ਮੁਹਿੰਮ”ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਘਰਾਂ, ਆਲੇ ਦੁਆਲੇ ਅਤੇ ਦਫਤਰਾਂ ਦੀ ਸਫਾਈ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਸਭ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬਿਲਕੁਲ ਬੰਦ ਕਰਨੀ ਚਾਹੀਦੀ ਹੈ।