ਜ਼ਿਲ੍ਹਾ ਪ੍ਰਸ਼ਾਸਨ ਮਨਾਏਗਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪਹਿਲਕਦਮੀ ਦਾ ਦਸ ਸਾਲਾਂ ਦਾ ਜਸ਼ਨ

ਨਵਾਂਸ਼ਹਿਰ, 29 ਜਨਵਰੀ ( ਹਰਪਾਲ ਲਾਡਾ ) : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਦੀ ਪਹਿਲਕਦਮੀ ਦਾ 10 ਸਾਲਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਵਿਚ ਪੂਰਾ ਡੇਢ ਮਹੀਨਾ (24 ਜਨਵਰੀ ਤੋਂ 8 ਮਾਰਚ 2025 ਤੱਕ) ਬੱਚੀਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਲੜੀਵਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਨੇ ਦੱਸਿਆ ਕਿ ਗਤੀਵਿਧੀਆਂ ਦੀ ਸਮਾਪਤੀ 8 ਮਾਰਚ 2025 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬਲਾਕ ਪੱਧਰ ‘ਤੇ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਅਤੇ ਸਥਾਨਕ ਆਗੂਆਂ ਦੇ ਸਹਿਯੋਗ ਨਾਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਸਬੰਧੀ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਮ ਜਨਤਾ ਲਈ ਲਿੰਗ ਸੰਵੇਦਨਸ਼ੀਲਤਾ,ਔਰਤਾਂ ਤੇ ਬੱਚੀਆਂ ਲਈ ਮਾਹਵਾਰੀ ਸਫ਼ਾਈ, ਬੱਚੀਆਂ ਦੀ ਸੁਰੱਖਿਆ ਨਾਲ ਸਬੰਧਿਤ ਕਾਨੂੰਨਾਂ ਬਾਰੇ ਸਕੂਲਾਂ ਅਤੇ ਕਾਲਜਾਂ ਵਿਚ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਵਿੱਦਿਅਕ ਪ੍ਰੋਗਰਾਮ ਅਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ।


ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਬੱਚੀਆਂ ਵਿਚ ਮਾਹਵਾਰੀ ਦੌਰਾਨ ਸਾਫ-ਸਫਾਈ ਦਾ ਧਿਆਨ ਰੱਖਣ ਅਤੇ ਸਕੂਲਾਂ ਵਿਚ ਖਾਸ ਕਰਕੇ ਲੜਕੀਆਂ ਨੂੰ ਲਿੰਗ ਸਮਾਨਤਾ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀ.ਸੀ ਪੀ.ਐਨ.ਡੀ.ਟੀ ਐਕਟ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਜਨਤਕ ਥਾਵਾਂ ‘ਤੇ ਅਤੇ ਵਿੱਦਿਅਕ ਅਦਾਰਿਆਂ ਵਿਚ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਸਾਫ਼ ਅਤੇ ਸਵੱਛ ਵਾਤਾਵਰਨ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੌਦੇ ਲਗਾਉਣ ਸਬੰਧੀ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਵਾਤਾਵਰਨ ਸਬੰਧੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਪੌਦੇ ਲਗਾਏ ਜਾਣਗੇ।

ਇਸੇ ਤਰ੍ਹਾਂ ਬੈਂਕਾਂ ਦੇ ਸਹਿਯੋਗ ਨਾਲ ਬੱਚਿਆਂ ਲਈ ਵਿੱਤੀ ਸਾਖ਼ਰਤਾ ਲਈ ਸੈਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਉਹ ਆਉਣ ਵਾਲੇ ਭਵਿੱਖ ਵਿਚ ਆਪਣੇ ਪੈਸੇ ਜਾਂ ਬਜਟ ਦਾ ਸਹੀ ਜਗ੍ਹਾ ਉਪਯੋਗ ਕਰ ਸਕਣ। ਉਨ੍ਹਾਂ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਅਤੇ ਪੀ.ਸੀ.ਪੀ.ਐਨ.ਡੀ.ਟੀ ਐਕਟ ਸਬੰਧੀ ਜਾਗਰੂਕਤਾ ਲਈ ਬਾਈਕ ਅਤੇ ਸਾਈਕਲ ਰੈਲੀਆਂ ਕੱਢੀਆਂ ਜਾਣਗੀਆਂ। ਇਸ ਤੋਂ ਇਲਾਵਾ ਮਿਤੀ 2 ਤੋਂ 8 ਮਾਰਚ 2025 ਤੱਕ ਲੜਕੀਆਂ ਅਤੇ ਔਰਤਾਂ ਲਈ ਲਈ ਕਰੀਅਰ ਕਾਉਂਸਲਿੰਗ ਪ੍ਰੋਗਰਾਮ ਵਿਚ ਇਨਰੋਲ ਕਰਨ ਸਬੰਧੀ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਵਿਚ ਸਮੂਹ ਭਾਈਚਾਰੇ ਨੂੰ ਉਪਰੋਕਤ ਦਰਸਾਈਆਂ ਗਤੀਵਿਧੀਆਂ ਵਿਚ ਵੱਧ- ਚੜ੍ਹ ਕੇ ਹਿੱਸਾ ਲੈਣ ਅਤੇ ਬੱਚੀਆਂ ਦੀ ਸਿੱਖਿਆ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੋੜੀਂਦਾ ਸਹਿਯੋਗ ਦੇਣ ਦਾ ਸੱਦਾ ਦਿੱਤਾ।