76ਵੇਂ ਗਣਤੰਤਰ ਦਿਵਸ ਮੌਕੇ ਵੱਖ-ਵੱਖ ਝਾਕੀਆਂ ਰਾਹੀਂ ਭਲਾਈ ਸਕੀਮਾਂ, ਪ੍ਰਾਪਤੀਆਂ ਤੇ ਸਹੂਲਤਾਂ ਦੀ ਪੇਸ਼ਕਾਰੀ

ਹੁਸ਼ਿਆਰਪੁਰ, 28 ਜਨਵਰੀ ( ਹਰਪਾਲ ਲਾਡਾ ) : 76ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਭਲਾਈ ਸਕੀਮਾਂ, ਪ੍ਰਾਪਤੀਆਂ ਅਤੇ ਸਹੂਲਤਾਂ ਨੂੰ ਦਰਸਾਉਂਦੀਆਂ ਝਾਕੀਆਂ ਨੇ ਲੋਕਾਂ ਨੂੰ ਅਹਿਮ ਜਾਣਕਾਰੀਆਂ ਦਿੱਤੀਆਂ, ਜਿਨ੍ਹਾਂ ਦੀ ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੇਹੱਦ ਸ਼ਲਾਘਾ ਕੀਤੀ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਸੱਦਾ ਦਿੱਤਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਝਾਕੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਝਾਕੀ ਰਾਹੀਂ ਸਿਹਤਮੰਦ ਪੰਜਾਬ ਲਈ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਅ ਦਾ ਸੰਦੇਸ਼ ਦਿੱਤਾ ਗਿਆ। ਝਾਕੀ ਰਾਹੀਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਦੱਸਦਿਆਂ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਜਾਂ ਯੋਗ ਅਪਣਾ ਕੇ ਜੰਕ ਫੂਡ ਦੀ ਥਾਂ ਫਲ ਸਬਜ਼ੀਆਂ ਅਤੇ ਘਰ ਦੇ ਖਾਣੇ ਨੂੰ ਤਰਜੀਹ ਦੇ ਕੇ ਨਰੋਈ ਸਿਹਤ ਰੱਖੀ ਜਾ ਸਕਦੀ ਹੈ।


ਭੂਮੀ ਅਤੇ ਜਲ ਸੰਭਾਲ ਵਿਭਾਗ ਦੀ ਝਾਕੀ ਨੇ ਧਰਤੀ ਹੇਠਲੇ ਪਾਣੀ ਦੇ ਡਿਗ ਪੱਧਰ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਡਰਿੱਪ ਇਰੀਗੇਸ਼ਨ ਤੇ ਫੁਹਾਰਾ ਸਿਸਟਮ ਰਾਹੀਂ ਫ਼ਸਲਾਂ ਤੇ ਬਾਗਬਾਨੀ ਲਈ ਸਿੰਚਾਈ ਬਾਰੇ ਜਾਗਰੂਕ ਕੀਤਾ। ਵਿਭਾਗ ਵੱਲੋਂ ਕਿਸਾਨਾਂ ਅਤੇ ਕਾਸ਼ਤਕਾਰਾਂ ਨੂੰ ਦਿੱਤੀ ਜਾ ਰਹੀ 80 ਤੋਂ 90 ਫੀਸਦੀ ਤੱਕ ਦੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਏਸ਼ੀਆ ਦੇ ਸਭ ਤੋਂ ਵੱਡੇ ਮੰਡੀਕਰਨ ਸਹਿਕਾਰੀ ਅਦਾਰੇ ਮਾਰਕਫੈੱਡ ਦੀ ਝਾਕੀ ਰਾਹੀਂ ਕਿਸਾਨਾਂ ਨੂੰ ਖਾਦਾਂ, ਕੀੜੇਮਾਰ ਦਵਾਈਆਂ, ਬੀਜ, ਪਸ਼ੂ ਖੁਰਾਕ, ਖਾਣ ਵਾਲੇ ਤੇਲ, ਘਿਓ, ਚਾਵਲ ਅਤੇ ਡੱਬਾਬੰਦ ਸਬਜ਼ੀਆਂ ਦਾਲਾਂ ਬਾਰੇ ਜਾਣਕਾਰੀ ਦਿੱਤੀ ਗਈ। ਮਾਰਕਫੈੱਡ 1954 ਵਿੱਚ ਸਿਰਫ਼ 13 ਮੈਂਬਰਾਂ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਸੀ, ਜਿਸ ਦੇ ਮੈਂਬਰਾਂ, ਸੁਸਾਇਟੀਆਂ ਦੀ ਮੌਜੂਦਾ ਸਮੇਂ ਗਿਣਤੀ 3047 ਅਤੇ ਸਲਾਨਾ ਵਪਾਰਕ ਟਰਨਓਵਰ 22883 ਕਰੋੜ ਰੁਪਏ ਹੈ।

ਪੰਜਾਬ ਵਿੱਚ ਆਈ ਸਿੱਖਿਆ ਕ੍ਰਾਂਤੀ ਨੂੰ ਦਰਸਾਉਂਦੀ ਸਿੱਖਿਆ ਵਿਭਾਗ ਦੀ ਝਾਕੀ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਪੱਧਰ ਵਿੱਚ ਹੋਏ ਲਾਮਿਸਾਲ ਵਿਕਾਸ, ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਅਤੇ ਹੋਰ ਸੁਧਾਰਾਂ ਦੀ ਪੇਸ਼ਕਾਰੀ ਕੀਤੀ ਗਈ। ਵਣ ਮੰਡਲ ਹੁਸ਼ਿਆਰਪੁਰ ਦੀ ਝਾਕੀ ਵਿੱਚ ਦੱਸਿਆ ਗਿਆ ਕਿ ਸਾਲ 2024-25 ਦੌਰਾਨ ਜ਼ਿਲ੍ਹੇ ਵਿੱਚ 5 ਲੱਖ ਬੂਟੇ ਲਾਏ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਬੂਟੇ ਲਾਉਣ ਲਈ ਸਬਸਿਡੀ ਦੇ ਨਾਲ-ਨਾਲ ਵੱਖ-ਵੱਖ ਕਿਸਮਾਂ ਦੇ ਬੂਟੇ ਮੁਹੱਈਆ ਕਰਵਾਏ ਜਾਂਦੇ ਹਨ, ਜਿਸ ਲਈ ਆਨਲਾਈਨ ਪੋਰਟਲ ਵੀ ਬਣਾਇਆ ਗਿਆ ਹੈ। ਵਣ ਵਿਭਾਗ ਦੇ ਸਹਿਯੋਗ ਸਦਕਾ ਜ਼ਿਲ੍ਹੇ ਵਿੱਚ 1.5 ਕਰੋੜ ਬੂਟੇ ਲਾਏ ਗਏ , ਜਿਨ੍ਹਾਂ ਦੀ ਸਬਸਿਡੀ ਵੀ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਮੁਕੇਰੀਆਂ ਅਤੇ ਤਲਵਾੜਾ ਖੇਤਰ ਵਿੱਚ ਸੈਰੀਕਲਚਰ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਪੁਲਿਸ ਵਿਭਾਗ ਦੀ ਝਾਕੀ ਨੇ ਮੌਜੂਦਾ ਸਮੇਂ ਸਾਈਬਰ ਕ੍ਰਾਈਮ ਦੀ ਭਰਮਾਰ ਅਤੇ ਨਸ਼ਿਆਂ ਦੀ ਰੋਕਥਾਮ ਦਾ ਸੰਦੇਸ਼ ਦਿੱਤਾ। ਝਾਕੀ ਰਾਹੀਂ ਦੱਸਿਆ ਗਿਆ ਕਿ ਜੇਕਰ ਕਿਸੇ ਨਾਲ ਸਾਈਬਰ ਧੋਖਾ ਹੋ ਜਾਵੇ ਤਾਂ ਤੁਰੰਤ ਹੈਲਪਲਾਈਨ ਨੰਬਰ 1930 ਡਾਇਲ ਕੀਤਾ ਜਾਵੇ। ਲੋਕਾਂ ਨੂੰ ਸਿਹਤ ਪ੍ਰਤੀ ਹੋਰ ਜਾਗਰੂਕ ਅਤੇ ਯੋਗਾ ਪ੍ਰਤੀ ਉਤਸ਼ਾਹਿਤ ਕਰਨ ਲਈ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ 23 ਜ਼ਿਲ੍ਹਿਆਂ ਵਿੱਚ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ 2 ਲੱਖ ਤੋਂ ਵੱਧ ਲੋਕ ਲਾਭ ਲੈ ਚੁੱਕੇ ਹਨ ਅਤੇ 573 ਯੋਗਾ ਟ੍ਰੇਨਰ 3167 ਕਲਾਸਾਂ ਲਾ ਰਹੇ ਹਨ, ਜਿਨ੍ਹਾਂ ਵਿੱਚੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 45 ਟ੍ਰੇਨਰਾਂ ਵੱਲੋਂ 265 ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ।
ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਤਿਆਰ ਕੀਤੀ ਝਾਕੀ ਵਿੱਚ ਇਕ ਬੱਚਾ ਆਪਣੇ ਪਿਤਾ, ਜੋ ਕਿ ਸੀਵਰਮੈਨ ਕਰਮਚਾਰੀ ਹੈ, ਦੇ ਕੰਮ ਅਤੇ ਮੁਸ਼ਕਲਾਂ ਨੂੰ ਬਿਆਨ ਕਰ ਰਿਹਾ ਹੈ, ਜਿਸ ਦਾ ਸਿਰਲੇਖ਼ ‘ਪਾਪਾ ਮੇਰਾ ਦੇਸ਼ ਚਲਾਤਾ ਹੈ’ ਸੀ ਅਤੇ ਝਾਕੀ ਰਾਹੀਂ ਸੀਵਰ ਦੀ ਸਫਾਈ ਸਮੇਂ ਹਮੇਸ਼ਾ ਮਸ਼ੀਨਰੀ ਦੀ ਵਰਤੋਂ ਦਾ ਸੰਦੇਸ਼ ਦਿੱਤਾ ਗਿਆ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦਫ਼ਤਰ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦੀ ਝਾਕੀ ਰਾਹੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੁਨੇਹਾ ਦਿੱਤਾ ਗਿਆ। ਝਾਕੀ ਰਾਹੀਂ ਬੇਟੀਆਂ ਦੀ ਲੋਹੜੀ ਮਨਾਉਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਝਾਕੀ ਦੀ ਟਰਾਲੀ ਅਗਾਂਹਵਧੂ ਕਿਸਾਨ ਅਮਰਜੀਤ ਕੌਰ ਵਾਸੀ ਪਿੰਡ ਬਡਲਾ ਵੱਲੋਂ ਚਲਾਈ ਗਈ, ਜਿਨ੍ਹਾਂ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਖੇਤੀਬਾੜੀ ਦੇ ਕਿੱਤੇ ਨੂੰ ਅਪਣਾ ਕੇ ਸਫ਼ਲਤਾ ਨਾਲ ਚਲਾਉਂਦਿਆਂ ਨਾ ਸਿਰਫ਼ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਪੇਸ਼ ਕੀਤੀ ਸਗੋਂ ਹੋਰਨਾਂ ਲਈ ਪ੍ਰੇਰਨਾਸਰੋਤ ਬਣੇ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਬਿਨਾਂ ਅੱਗ ਲਾਏ ਪ੍ਰਬੰਧਨ ਦਾ ਸੰਦੇਸ਼ ਦਿੱਤਾ ਗਿਆ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹਿੰਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਸ਼ਾਸਨ, ਖੇਤੀਬਾੜੀ ਵਿਭਾਗ ਦੀਆਂ ਟੀਮਾਂ ਅਤੇ ਕਿਸਾਨ ਜਾਗਰੂਕਤਾ ਸਦਕਾ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਪਿਛਲੇ ਸਾਲਾਂ ਨਾਲੋਂ 75 ਫੀਸਦੀ ਕਮੀ ਦਰਜ ਕੀਤੀ ਗਈ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਸਰਗਰਮੀਆਂ ਰਾਹੀਂ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਤਸਵੀਰ ਪੇਸ਼ ਕੀਤੀ ਗਈ। ਬਿਊਰੋ ਵੱਲੋਂ ਨੌਜਵਾਨਾਂ ਨੂੰ ਅਰਬ ਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਸਬੰਧੀ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਹੀ ਕੈਰੀਅਰ ਦੀ ਚੋਣ ਬਾਰੇ ਸਮੇਂ-ਸਮੇਂ ਦੇ ਸੈਮੀਨਾਰ ਕਰਵਾਏ ਜਾਂਦੇ ਹਨ। ਬਿਊਰੋ ਵੱਲੋਂ 1 ਜੁਲਾਈ 2024 ਤੋਂ 31 ਦਸੰਬਰ 2024 ਤੱਕ 2086 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਝਾਕੀ ਵਿੱਚ ਲੋੜਵੰਦਾਂ ਨੂੰ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਭਾਰਤੀ ਸੰਵਿਧਾਨ ਬਾਰੇ ਚਾਨਣਾ ਪਾਇਆ ਗਿਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਪਹਿਲਾਂ ਵਾਂਗ ਲੋਕ ਸੇਵਾ ਅਤੇ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕਰਨ ਨੂੰ ਤਰਜੀਹ ਦਿੱਤੀ ਜਾਵੇ।