ਇਟਲੀ ‘ਚ ਸਿੱਖ ਜਗਤ ਦੇ ਨਵੇਂ ਸਾਲ ਦੀ ਆਮਦ ਅਤੇ ਹੋਲੇ-ਮਹੱਲੇ ਤੇ ਕੱਢੇ ਜਾ ਰਹੇ ਨਗਰ ਕੀਰਤਨ ਵਿਚ ਸੰਗਤਾਂ ਸਮੂਲੀਅਤ ਕਰਨ : ਮਾਨ

ਹੁਸ਼ਿਆਰਪੁਰ , 13 ਮਾਰਚ ( ਹਰਪਾਲ ਲਾਡਾ ): “ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜੀ ਲੇਨੋ ਬਰੇਸੀਆ ਦੀ ਪ੍ਰਬੰਧਕ ਕਮੇਟੀ ਵੱਲੋ ਜੋ ਸਿੱਖ ਜਗਤ ਦੇ ਨਵੇਂ ਸਾਲ ਦੀ ਆਮਦ ਅਤੇ ਹੋਲੇ ਮਹੱਲੇ ਦੇ ਮਹਾਨ ਦਿਹਾੜੇ ਤੇ ਸਮੁੱਚੀ ਇਟਲੀ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਜੋ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮੌਕੇ ਤੇ ਸਮੁੱਚੀ ਪ੍ਰਬੰਧਕ ਕਮੇਟੀ ਮੈਬਰਾਨ ਸਾਹਿਬਾਨ ਅਤੇ ਬਰੇਸੀਆ ਦੀ ਸਮੁੱਚੀ ਸਿੱਖ ਸੰਗਤ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦਾ ਹੈ, ਉਥੇ ਸਮੁੱਚੇ ਖਾਲਸਾ ਪੰਥ ਅਤੇ ਇਟਲੀ ਦੀ ਸਿੱਖ ਸੰਗਤ ਨੂੰ ਇਹ ਹਾਰਦਿਕ ਬੇਨਤੀ ਕਰਦੇ ਹਾਂ ਕਿ ਉਹ ਇਸ ਨਗਰ ਕੀਰਤਨ ਵਿਚ ਹੁੰਮ-ਹੁੰਮਾਕੇ ਸਮੂਲੀਅਤ ਕਰਦੇ ਹੋਏ ਇਸ ਮਹਾਨ ਦਿਹਾੜੇ ਵਿਚ ਸਰਧਾ ਤੇ ਸਤਿਕਾਰ ਸਹਿਤ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਨ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਜਗਤ ਦੇ ਨਵੇਂ ਸਾਲ ਦੀ ਆਮਦ ਅਤੇ ਹੋਲੇ-ਮਹੱਲੇ ਦੇ ਮਹਾਨ ਦਿਹਾੜੇ ਮੌਕੇ ਤੇ ਲੇਨੋ ਬਰੇਸੀਆ ਦੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਅਤੇ ਇਟਲੀ ਵਿਚ ਵੱਸਣ ਵਾਲੇ ਸਿੱਖਾਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਇਸ ਨਗਰ ਕੀਰਤਨ ਨੂੰ ਪੂਰੀ ਸਾਨੋ ਸੌਕਤ ਨਾਲ ਮਨਾਉਣ ਦੀ ਅਪੀਲ ਕੀਤੀ ।


ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਾਨੂੰ ਫਖ਼ਰ ਹੈ ਕਿ ਵਿਦੇਸ਼ਾਂ ਵਿਚ ਵੱਸਣ ਵਾਲੀ ਸਿੱਖ ਕੌਮ ਆਪਣੇ ਕੌਮੀ ਮੁਫਾਦਾਂ ਅਤੇ ਸੋਚ ਨੂੰ ਪੂਰਨ ਰੂਪ ਵਿਚ ਪ੍ਰਣਾਈ ਹੋਈ ਹੈ ਅਤੇ ਆਪਣੇ ਇਨ੍ਹਾਂ ਇਤਿਹਾਸਿਕ ਮਹਾਨ ਦਿਹਾੜਿਆ ਨੂੰ ਪੂਰਨ ਸਰਧਾ ਤੇ ਸਤਿਕਾਰ ਨਾਲ ਮਨਾਉਦੇ ਹੋਏ ਜਿਥੇ ਆਪਣੇ ਗੁਰੂ ਸਾਹਿਬਾਨ ਵਿਚ ਵਿਸਵਾਸ ਨੂੰ ਹੋਰ ਪ੍ਰਪੱਕ ਕਰਦੀ ਹੈ ਉਥੇ ਆਪਣੇ ਇਨ੍ਹਾਂ ਦਿਹਾੜਿਆ ਨੂੰ ਮਨਾਕੇ ਵਿਦੇਸ਼ਾਂ ਵਿਚ ਵੱਸਣ ਵਾਲੀਆ ਕੌਮਾਂ, ਹੁਕਮਰਾਨਾਂ, ਪ੍ਰਸਾਸਨ ਅਤੇ ਵੱਖ-ਵੱਖ ਵਰਗਾਂ ਵਿਚ ਖਾਲਸਾ ਪੰਥ ਦੇ ਮਨੁੱਖਤਾ ਪੱਖੀ ਉੱਦਮਾਂ ਅਤੇ ਸੋਚ ਨੂੰ ਪ੍ਰਚਾਰਨ ਤੇ ਪ੍ਰਸਾਰਨ ਵਿਚ ਵੀ ਵੱਡੀ ਭੂਮਿਕਾ ਨਿਭਾਉਣ ਦੀ ਜਿੰਮੇਵਾਰੀ ਨਿਭਾਅ ਰਹੀ ਹੈ ।

ਇਹੀ ਵਜਹ ਹੈ ਕਿ ਸਾਡੇ ਇਨ੍ਹਾਂ ਮਹਾਨ ਦਿਹਾੜਿਆ ਉਤੇ ਹੋਣ ਵਾਲੇ ਇਤਿਹਾਸਿਕ ਇਕੱਠਾਂ ਦੇ ਸੰਦੇਸ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਅੱਜ ਖਾਲਸਾ ਪੰਥ ਪ੍ਰਤੀ ਪਿਆਰ ਸਤਿਕਾਰ ਵਿਚ ਢੇਰ ਸਾਰਾ ਵਾਧਾ ਹੋ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਸਾਡੇ ਗੁਰੂਘਰ ਦੀਆਂ ਪ੍ਰਬੰਧਕ ਕਮੇਟੀਆ ਅਤੇ ਵਿਦੇਸ਼ਾਂ ਵਿਚ ਵੱਸਣ ਵਾਲੀ ਸਿੱਖ ਕੌਮ ਆਪਣੇ ਦਿਹਾੜਿਆ ਨੂੰ ਸਾਨੋ ਸੌਕਤ ਨਾਲ ਮਨਾਉਦੇ ਹੋਏ ਉਨ੍ਹਾਂ ਮੁਲਕਾਂ ਵਿਚ ਵੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਯੋਗਦਾਨ ਪਾਉਦੇ ਰਹਿਣਗੇ । ਜਿਸਦੀ ਬਦੌਲਤ ਸੰਸਾਰ ਪੱਧਰ ਤੇ ਅਸੀ ਆਪਣੀ ਸੋਚ ਨੂੰ ਮਜਬੂਤ ਕਰਦੇ ਹੋਏ ਆਪਣੇ ਕੌਮੀ ਮਿਸਨ ਆਜਾਦੀ ਵੱਲ ਅਵੱਸ ਵੱਧਾਗੇ ।